ato logo
Search Suggestion:

ਸਾਡਾ ਚਾਰਟਰ

Last updated 2 July 2023

ਤੁਹਾਡੇ ਪ੍ਰਤੀ ਸਾਡੀਆਂ ਵਚਨਬੱਧਤਾਵਾਂ, ਅਸੀਂ ਤੁਹਾਡੇ ਤੋਂ ਕੀ ਮੰਗਦੇ ਹਾਂ ਅਤੇ ਜੇਕਰ ਤੁਸੀਂ ਸੰਤੁਸ਼ਟ ਨਹੀਂ ਹੋ ਤਾਂ ਆਪਣੇ ਵਿਕਲਪਾਂ ਬਾਰੇ ਜਾਣੋ।

ਇਸ ਪੰਨੇ 'ਤੇ

ਸਾਡੇ ਚਾਰਟਰ ਬਾਰੇ

ਅਸੀਂ ਆਸਟ੍ਰੇਲੀਆ ਦੀਆਂ ਟੈਕਸ, ਸੁਪਰ ਅਤੇ ਕਾਰੋਬਾਰੀ ਰਜਿਸਟਰੀ ਸੇਵਾਵਾਂ ਦਾ ਪ੍ਰਬੰਧਨ ਕਰਦੇ ਹਾਂ। ਅਸੀਂ ਕਮਿਊਨਿਟੀ ਨੂੰ ਸਰਕਾਰੀ ਲਾਭ ਪਹੁੰਚਾਉਣ ਵਿੱਚ ਵੀ ਸਹਾਇਤਾ ਕਰਦੇ ਹਾਂ।

ਸਾਡੀਆਂ ਸੇਵਾਵਾਂ ਅਸਟ੍ਰੇਲੀਆ ਦੀ ਜੀਵਨਸ਼ੈਲੀ ਦਾ ਸਮਰਥਨ ਕਰਨ ਲਈ ਜ਼ਰੂਰੀ ਹਨ ਜਿਸਦਾ ਅਸੀਂ ਸਾਰੇ ਆਨੰਦ ਮਾਣਦੇ ਹਾਂ, ਜਿਵੇਂ ਕਿ ਸਿਹਤ ਦੇਖਭਾਲ, ਸਿੱਖਿਆ ਅਤੇ ਕਮਿਊਨਿਟੀ ਵਿਚਲੇ ਬੁਨਿਆਦੀ ਢਾਂਚੇ।

ਇਸਨੂੰ ਪ੍ਰਾਪਤ ਕਰਨ ਵਿਚ ਤੁਹਾਡੀ ਵੀ ਭੂਮਿਕਾ ਹੈ। ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤੁਹਾਨੂੰ ਕਈ ਵਾਰ ਸਾਡੇ ਨਾਲ ਕੰਮ ਕਰਨ ਦੀ ਲੋੜ ਹੋਵੇਗੀ।

ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਜਦੋਂ ਵੀ ਤੁਸੀਂ ਸਾਡੇ ਨਾਲ ਕੰਮ ਕਰਦੇ ਹੋ ਤਾਂ ਤੁਹਾਡਾ ਅਨੁਭਵ ਆਸਾਨ ਅਤੇ ਪੇਸ਼ੇਵਰ ਹੋਵੇ।

ਸਾਡਾ ਚਾਰਟਰ

  • ਇਹ ਦੱਸਦਾ ਹੈ ਕਿ ਜਦੋਂ ਤੁਸੀਂ ਸਾਡੇ ਨਾਲ ਗੱਲਬਾਤ ਕਰਦੇ ਹੋ ਤਾਂ ਤੁਸੀਂ ਕੀ ਉਮੀਦ ਕਰ ਸਕਦੇ ਹੋ
  • ਸਾਡੇ ਨਾਲ ਕੰਮ ਕਰਨ ਵਾਲੇ ਹਰੇਕ ਵਿਅਕਤੀ 'ਤੇ ਲਾਗੂ ਹੁੰਦਾ ਹੈ
  • ਕਾਨੂੰਨਾਂ, ਕੋਡਾਂ ਅਤੇ ਸਿਧਾਂਤਾਂ 'ਤੇ ਅਧਾਰਿਤ ਹੈ ਜਿਨ੍ਹਾਂ ਦੀ ਸਾਡੇ ਦੋਵਾਂ ਵਲੋਂ ਪਾਲਣਾ ਕੀਤੀ ਜਾਣੀ ਲਾਜ਼ਮੀ ਹੈ।

ਇੱਥੇ ਉਹ ਕਦਮ ਵੀ ਉਪਲਬਧ ਹਨ ਜੋ ਤੁਸੀਂ ਚੁੱਕ ਸਕਦੇ ਹੋ ਜੇਕਰ ਤੁਸੀਂ ਸਾਡੇ ਦੁਆਰਾ ਲਏ ਗਏ ਫ਼ੈਸਲੇ ਨਾਲ ਅਸਹਿਮਤ ਹੋ ਜਾਂ ਵਿਸ਼ਵਾਸ ਕਰਦੇ ਹੋ ਕਿ ਅਸੀਂ ਇਸ ਚਾਰਟਰ ਦੀ ਪਾਲਣਾ ਨਹੀਂ ਕੀਤੀ ਹੈ।

ਤੁਹਾਡੇ ਪ੍ਰਤੀ ਸਾਡੀ ਵਚਨਬੱਧਤਾ

ਨਿਰਪੱਖ ਅਤੇ ਵਾਜਬ ਵਿਵਹਾਰ

ਤੁਹਾਡੇ ਨਾਲ ਸਾਡਾ ਰਿਸ਼ਤਾ ਆਪਸੀ ਵਿਸ਼ਵਾਸ ਅਤੇ ਸਤਿਕਾਰ 'ਤੇ ਅਧਾਰਿਤ ਹੈ। ਅਸੀਂ ਜੋ ਵੀ ਕਰਦੇ ਹਾਂ ਉਸ ਸਭ ਵਿੱਚ ਨਿਰਪੱਖ, ਨੈਤਿਕ ਅਤੇ ਜਵਾਬਦੇਹ ਹੋਣ ਲਈ ਵਚਨਬੱਧ ਹਾਂ।

ਅਸੀਂ:

  • ਤੁਹਾਡੇ ਨਾਲ ਸ਼ਿਸ਼ਟਾਚਾਰ, ਖਿਆਲ ਅਤੇ ਸਤਿਕਾਰ ਨਾਲ ਪੇਸ਼ ਆਵਾਂਗੇ
  • ਈਮਾਨਦਾਰੀ ਅਤੇ ਇਕਸਾਰਤਾ ਨਾਲ ਕੰਮ ਕਰਾਂਗੇ
  • ਨਿਰਪੱਖ ਹੋਵਾਂਗੇ ਅਤੇ ਸਦਭਾਵਨਾ ਨਾਲ ਕੰਮ ਕਰਾਂਗੇ
  • ਤੁਹਾਨੂੰ ਇਮਾਨਦਾਰ ਸਮਝਾਂਗੇ ਜਦੋਂ ਤੱਕ ਸਾਡੇ ਕੋਲ ਇਸਤੋਂ ਇਲਾਵਾ ਕੁੱਝ ਹੋਰ ਸੋਚਣ ਦਾ ਕਾਰਨ ਨਹੀਂ ਹੁੰਦਾ ਅਤੇ ਤੁਹਾਨੂੰ ਸਾਨੂੰ ਇਸ ਬਾਰੇ ਸਮਝਾਉਣ ਦਾ ਮੌਕਾ ਨਹੀਂ ਦਿੱਤਾ ਗਿਆ ਹੈ
  • ਅਸੀਂ ਉਹਨਾਂ ਲੋਕਾਂ ਨਾਲ ਕੰਮ ਕਰਾਂਗੇ ਜਿਨ੍ਹਾਂ ਨੂੰ ਤੁਸੀਂ ਤੁਹਾਡੀ ਨੁਮਾਇੰਦਗੀ ਕਰਨ ਲਈ ਚੁਣਿਆ ਹੈ, ਜਿਵੇਂ ਕਿ ਪੇਸ਼ੇਵਰ ਸਲਾਹਕਾਰ ਨਾਲ।

ਪੇਸ਼ੇਵਰ ਸੇਵਾ

ਅਸੀਂ ਜਾਣਦੇ ਹਾਂ ਕਿ ਕਾਨੂੰਨ ਦੇ ਅਧੀਨ ਤੁਹਾਡੇ ਅਧਿਕਾਰ ਅਤੇ ਜ਼ਿੰਮੇਵਾਰੀਆਂ ਗੁੰਝਲਦਾਰ ਹੋ ਸਕਦੀਆਂ ਹਨ। ਸਾਡਾ ਉਦੇਸ਼ ਤੁਹਾਨੂੰ ਤੁਹਾਡੇ ਅਧਿਕਾਰਾਂ ਨੂੰ ਸਮਝਣ ਅਤੇ ਤੁਹਾਡੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਮੱਦਦ ਕਰਨ ਲਈ ਭਰੋਸੇਯੋਗ, ਪਹੁੰਚਯੋਗ ਅਤੇ ਉਪਯੋਗੀ ਜਾਣਕਾਰੀ ਅਤੇ ਸੇਵਾ ਪ੍ਰਦਾਨ ਕਰਨਾ ਹੈ।

ਅਸੀਂ:

  • ਜਵਾਬਦੇਹ ਹੋਵਾਂਗੇ ਅਤੇ ਸਮੇਂ ਸਿਰ, ਸਹੀ ਅਤੇ ਆਸਾਨੀ ਨਾਲ ਸਮਝਣ ਵਾਲੀ ਜਾਣਕਾਰੀ ਪ੍ਰਦਾਨ ਕਰਾਂਗੇ
  • ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਵਰਤੋਂ ਵਿੱਚ ਆਸਾਨ ਅਤੇ ਸ਼ਮੂਲੀਅਤ ਭਰਿਆ ਬਣਾਉਣ ਲਈ ਕਮਿਊਨਿਟੀ ਨਾਲ ਮਿਲਕੇ ਕੰਮ ਕਰਾਂਗੇ
  • ਆਪਣੀਆਂ ਸੇਵਾਵਾਂ ਡਿਜ਼ੀਟਲ ਰੂਪ ਵਿੱਚ ਪ੍ਰਦਾਨ ਕਰਾਂਗੇ ਸਿਵਾਏ ਇਸਦੇ ਕਿ ਜਿੱਥੇ ਕੋਈ ਵਿਕਲਪਿਕ ਪਹੁੰਚ ਵਧੇਰੇ ਢੁੱਕਵੀਂ ਹੈ।

ਸਮਰਥਨ ਅਤੇ ਸਹਾਇਤਾ

ਅਸੀਂ ਸਮਝਦੇ ਹਾਂ ਕਿ ਵੱਖ-ਵੱਖ ਸਮੇਂ 'ਤੇ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਮੱਦਦ ਦੀ ਲੋੜ ਹੋ ਸਕਦੀ ਹੈ। ਅਸੀਂ ਜਾਣਦੇ ਹਾਂ ਕਿ ਜੇਕਰ ਤੁਸੀਂ ਜ਼ੋਖਮ ਭਰੇ, ਮੁਸ਼ਕਲ ਸਮੇਂ ਦਾ ਅਨੁਭਵ ਕਰ ਰਹੇ ਹੋ ਜਾਂ ਸੰਕਟਕਾਲੀਨ ਘਟਨਾਵਾਂ ਤੋਂ ਪ੍ਰਭਾਵਿਤ ਹੋ ਤਾਂ ਤੁਹਾਡੇ ਲਈ ਤੁਹਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਤੁਹਾਡੇ ਲਈ ਔਖਾ ਹੋ ਸਕਦਾ ਹੈ। ਹਾਲਾਂਕਿ ਅਸੀਂ ਜ਼ਿਆਦਾਤਰ ਮਾਮਲਿਆਂ ਵਿੱਚ ਤੁਹਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਖ਼ਤਮ ਨਹੀਂ ਕਰ ਸਕਦੇ ਹਾਂ, ਫਿਰ ਵੀ ਇੱਥੇ ਅਜਿਹੇ ਤਰੀਕੇ ਹੋ ਸਕਦੇ ਹਨ ਜਿਸ ਨਾਲ ਅਸੀਂ ਉਨ੍ਹਾਂ ਨੂੰ ਪੂਰਾ ਕਰਨ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਾਂ।

ਅਸੀਂ:

  • ਤੁਹਾਡੇ ਹਾਲਾਤਾਂ ਨੂੰ ਸੁਣਾਂਗੇ ਅਤੇ ਉਨ੍ਹਾਂ ਨੂੰ ਧਿਆਨ ਵਿੱਚ ਰੱਖਾਂਗੇ ਜਿੱਥੇ ਅਸੀਂ ਅਜਿਹਾ ਕਰ ਸਕਦੇ ਹਾਂ
  • ਸੰਕਟਕਾਲੀਨ ਘਟਨਾਵਾਂ ਅਤੇ ਮੁਸ਼ਕਲ ਸਮਿਆਂ ਦੌਰਾਨ ਸਹਾਇਤਾ ਪ੍ਰਦਾਨ ਕਰਾਂਗੇ
  • ਜੇਕਰ ਤੁਹਾਨੂੰ ਸਾਡੀਆਂ ਸੇਵਾਵਾਂ ਨੂੰ ਸਮਝਣ ਜਾਂ ਪਹੁੰਚ ਕਰਨ ਵਿੱਚ ਮੱਦਦ ਦੀ ਲੋੜ ਹੈ ਤਾਂ ਅਸੀਂ ਸਹਾਇਤਾ ਪ੍ਰਦਾਨ ਕਰਾਂਗੇ।

ਤੁਹਾਡੇ ਡੇਟਾ ਅਤੇ ਗੁਪਤਤਾ ਦੀ ਸੁਰੱਖਿਆ

ਅਸੀਂ ਤੁਹਾਡੀ ਜਾਣਕਾਰੀ ਅਤੇ ਡੇਟਾ ਨੂੰ ਸੁਰੱਖਿਅਤ ਕਰਨ ਦੀ ਜ਼ਿੰਮੇਵਾਰੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਅਸੀਂ ਜਾਣਦੇ ਹਾਂ ਕਿ ਆਧੁਨਿਕ ਡਿਜ਼ੀਟਲ ਸੰਸਾਰ ਵਿੱਚ ਤੁਹਾਡੀ ਨਿੱਜੀ ਜਾਣਕਾਰੀ ਦੀ ਗੁਪਤਤਾ ਅਤੇ ਸੁਰੱਖਿਆ ਕਿੰਨੀ ਮਹੱਤਵਪੂਰਨ ਹੈ।

ਅਸੀਂ:

ਤੁਹਾਨੂੰ ਸੂਚਿਤ ਰੱਖਾਂਗੇ

ਅਸੀਂ ਤੁਹਾਡੇ ਅਤੇ ਭਾਈਚਾਰੇ ਦੇ ਨਾਲ ਸਾਡੀ ਗੱਲਬਾਤ ਵਿੱਚ ਪਾਰਦਰਸ਼ੀ ਰਹਿਣ ਅਤੇ ਜਵਾਬਦੇਹ ਹੋਣ ਲਈ ਵਚਨਬੱਧ ਹਾਂ।

ਅਸੀਂ:

  • ਆਪਣੇ ਫ਼ੈਸਲਿਆਂ ਦੀ ਵਿਆਖਿਆ ਕਰਾਂਗੇ
  • ਤੁਹਾਡੇ ਮਾਮਲੇ ਲਈ ਸਾਡੀ ਪ੍ਰਗਤੀ ਬਾਰੇ ਤੁਹਾਨੂੰ ਸੂਚਿਤ ਕਰਾਂਗੇ
  • ਤੁਹਾਨੂੰ ਤੁਹਾਡੇ ਅਧਿਕਾਰਾਂ, ਜ਼ਿੰਮੇਵਾਰੀਆਂ ਅਤੇ ਸਮੀਖਿਆ ਦੇ ਵਿਕਲਪਾਂ ਬਾਰੇ ਦੱਸਾਂਗੇ ਅਤੇ ਵਿਆਖਿਆ ਕਰਾਂਗੇ
  • ਅਸੀਂ ਤੁਹਾਨੂੰ ਤੁਹਾਡੀ ਜਾਣਕਾਰੀ ਤੱਕ ਪਹੁੰਚ ਦੇਵਾਂਗੇ, ਅਤੇ ਉਹ ਜਾਣਕਾਰੀ ਦੇਵਾਂਗੇ ਜੋ ਫ਼ੈਸਲੇ ਲੈਣ ਵਿੱਚ ਸਾਡੀ ਮੱਦਦ ਕਰਦੀ ਹੈ, ਜਿੱਥੇ ਅਜਿਹਾ ਕਰਨਾ ਢੁੱਕਵਾਂ ਹੋਵੇ।

ਅਸੀਂ ਤੁਹਾਡੇ ਤੋਂ ਕੀ ਮੰਗ ਕਰਦੇ ਹਾਂ

ਤੁਹਾਡੇ ਹਾਲਾਤਾਂ ਦੇ ਆਧਾਰ 'ਤੇ ਕਾਨੂੰਨ ਦੇ ਅਧੀਨ ਤੁਹਾਡੀਆਂ ਕਈ ਜ਼ਿੰਮੇਵਾਰੀਆਂ ਹੋਣਗੀਆਂ।

ਸਾਡੇ ਨਾਲ ਸ਼ਿਸ਼ਟਾਚਾਰ, ਖਿਆਲ ਅਤੇ ਸਤਿਕਾਰ ਨਾਲ ਪੇਸ਼ ਆਓ।

ਸੱਚੇ ਬਣੋ ਅਤੇ ਕਾਨੂੰਨ ਮੁਤਾਬਕ ਕੰਮ ਕਰੋ।

ਸਮੇਂ ਸਿਰ ਸਾਡੇ ਸਵਾਲਾਂ ਦਾ ਜਵਾਬ ਦਿਓ ਅਤੇ ਸਾਨੂੰ ਸਾਰੀ ਸੰਬੰਧਿਤ ਜਾਣਕਾਰੀ ਪ੍ਰਦਾਨ ਕਰੋ। ਅਸੀਂ ਤੁਹਾਨੂੰ ਸਵਾਲ ਪੁੱਛ ਸਕਦੇ ਹਾਂ ਜਾਂ ਹੋਰ ਜਾਣਕਾਰੀ ਇਕੱਠੀ ਕਰ ਸਕਦੇ ਹਾਂ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਜੋ ਸਮਝਦੇ ਹਾਂ ਉਹ ਸਹੀ ਅਤੇ ਮੌਜੂਦਾ ਹੈ।

ਜੇ ਕੋਈ ਤੁਹਾਡੀ ਨੁਮਾਇੰਦਗੀ ਕਰ ਰਿਹਾ ਹੈ ਤਾਂ ਸਾਨੂੰ ਇਸ ਬਾਰੇ ਦੱਸੋ। ਤੁਸੀਂ ਅਜੇ ਵੀ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋ ਕਿ ਸਾਨੂੰ ਦਿੱਤੀ ਗਈ ਜਾਣਕਾਰੀ ਸਹੀ ਹੈ।

ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਪੂਰਾ ਕਰੋ ਜਿਸ ਵਿੱਚ ਸਮੇਂ ਸਿਰ ਟੈਕਸ ਜਾਣਕਾਰੀ ਜਮ੍ਹਾਂ ਕਰਨਾ ਅਤੇ ਭੁਗਤਾਨ ਕਰਨਾ ਸ਼ਾਮਲ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ, ਤਾਂ ਨਿਯਤ ਮਿਤੀ ਤੋਂ ਪਹਿਲਾਂ ਜਿੰਨੀ ਜਲਦੀ ਹੋ ਸਕੇ ਸਾਨੂੰ ਦੱਸੋ ਤਾਂ ਜੋ ਅਸੀਂ ਤੁਹਾਡੀ ਸਹਾਇਤਾ ਕਰ ਸਕੀਏ।

ਚੰਗੀ ਤਰ੍ਹਾਂ ਰਿਕਾਰਡ ਰੱਖੋ ਅਤੇ ਲੋੜ ਪੈਣ 'ਤੇ ਸਾਨੂੰ ਪ੍ਰਦਾਨ ਕਰੋ।

ਆਪਣੀ ਸਨਾਖ਼ਤ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਬਾਰੇ ਧਿਆਨ ਰੱਖੋ ਅਤੇ ਜੇਕਰ ਤੁਹਾਡੇ ਵੇਰਵੇ ਬਦਲਦੇ ਹਨ ਤਾਂ ਸਾਨੂੰ ਦੱਸੋ।

ਜੇਕਰ ਤੁਸੀਂ ਕਿਸੇ ਫ਼ੈਸਲੇ ਦੀ ਸਮੀਖਿਆ ਕੀਤੇ ਜਾਣਾ ਚਾਹੁੰਦੇ ਹੋ ਤਾਂ ਇਹ ਕਦਮ ਚੁੱਕਣੇ ਹਨ

ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਆਪਣੇ ਫ਼ੈਸਲਿਆਂ ਵਿੱਚ ਕੋਈ ਗਲਤੀ ਕੀਤੀ ਹੈ, ਤਾਂ ਅਸੀਂ ਤੁਹਾਡੀਆਂ ਚਿੰਤਾਵਾਂ ਨੂੰ ਜਲਦੀ ਅਤੇ ਆਸਾਨੀ ਨਾਲ ਹੱਲ ਕਰਨ ਲਈ ਤੁਹਾਡੇ ਨਾਲ ਮਿਲਕੇ ਕੰਮ ਕਰਾਂਗੇ।

ਪਰ ਅਸੀਂ ਕਾਨੂੰਨ ਨੂੰ ਬਦਲਣ ਦੇ ਯੋਗ ਨਹੀਂ ਹੋਵਾਂਗੇ। ਹਾਲਾਂਕਿ, ਅਸੀਂ ਇਹ ਸਮਝਣ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਾਂ ਕਿ ਇਹ ਤੁਹਾਡੇ ਹਾਲਾਤਾਂ 'ਤੇ ਕਿਵੇਂ ਲਾਗੂ ਹੁੰਦਾ ਹੈ।

ਅਸੀਂ ਕਾਨੂੰਨੀ ਸਮੀਖਿਆ ਅਧਿਕਾਰਾਂ ਅਤੇ ਸ਼ਿਕਾਇਤ ਕਰਨ ਦੇ ਤਰੀਕੇ ਸਮੇਤ ਤੁਹਾਡੇ ਵਿਕਲਪਾਂ ਦੀ ਰੂਪਰੇਖਾ ਵੀ ਦੱਸਾਂਗੇ।

ਪਹਿਲੇ ਕਦਮ ਵਜੋਂ, ਇਹ ਦੇਖਣ ਲਈ ਕਿ ਕੀ ਅਸੀਂ ਉਨ੍ਹਾਂ ਨੂੰ ਹੱਲ ਕਰ ਸਕਦੇ ਹਾਂ, ਸਾਡੇ ਨਾਲ ਆਪਣੀਆਂ ਚਿੰਤਾਵਾਂ ਬਾਰੇ ਚਰਚਾ ਕਰੋ। ਤੁਹਾਨੂੰ ਕੋਈ ਵਿਸ਼ੇਸ਼ ਸੰਪਰਕ ਪ੍ਰਦਾਨ ਕੀਤਾ ਗਿਆ ਹੋ ਸਕਦਾ ਹੈ ਜਿਸ ਨਾਲ ਤੁਸੀਂ ਗੱਲ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਸਾਡੇ ਨਾਲ ਇਨ੍ਹਾਂ ਰਾਹੀਂ ਸੰਪਰਕ ਕਰ ਸਕਦੇ ਹੋ

ਤੁਸੀਂ ਸਾਡੇ ਬਹੁਤ ਸਾਰੇ ਫ਼ੈਸਲਿਆਂ ਦੀ ਕਿਸੇ ਖੁਦਮੁਖਤਿਆਰ ਅਧਿਕਾਰੀ ਦੁਆਰਾ ਸਮੀਖਿਆ ਕਰਨ ਲਈ ਵੀ ਬੇਨਤੀ ਕਰ ਸਕਦੇ ਹੋ ਜੋ ਅਸਲ ਫ਼ੈਸਲੇ ਵਿੱਚ ਸ਼ਾਮਲ ਨਹੀਂ ਸੀ।

ਜੇਕਰ ਤੁਸੀਂ ਸਾਡੀ ਅੰਦਰੂਨੀ ਸਮੀਖਿਆ ਨਾਲ ਅਸਹਿਮਤ ਹੋ, ਤਾਂ ਤੁਸੀਂ ਬਾਹਰੀ ਸਮੀਖਿਆ ਕੀਤੇ ਜਾਣ ਦੀ ਮੰਗ ਕਰ ਸਕਦੇ ਹੋ। ਜ਼ਿਆਦਾਤਰ ਮਾਮਲਿਆਂ ਵਿੱਚ, ਤੁਹਾਨੂੰ ਬਾਹਰੀ ਸਮੀਖਿਆ ਦੀ ਮੰਗ ਕਰਨ ਤੋਂ ਪਹਿਲਾਂ ਸਾਡੇ ਨਾਲ ਅੰਦਰੂਨੀ ਸਮੀਖਿਆ ਦੀ ਬੇਨਤੀ ਕਰਨ ਅਤੇ ਨਤੀਜੇ ਤੋਂ ਅਸੰਤੁਸ਼ਟ ਹੋਣ ਦੀ ਲੋੜ ਹੁੰਦੀ ਹੈ।

ਜਿਸ ਫ਼ੈਸਲੇ 'ਤੇ ਤੁਸੀਂ ਇਤਰਾਜ਼ ਕਰ ਰਹੇ ਹੋ, ਉਸ ਦੇ ਆਧਾਰ 'ਤੇ, ਤੁਹਾਡੇ ਕੋਲ ਬਾਹਰੀ ਸਮੀਖਿਆ ਲਈ ਕਈ ਤਰ੍ਹਾਂ ਦੇ ਵਿਕਲਪ ਹੋ ਸਕਦੇ ਹਨ ਜਿਵੇਂ ਕਿ ਅਦਾਲਤਾਂ ਜਾਂ ਟ੍ਰਿਬਿਊਨਲ।

ਜੇਕਰ ਤੁਸੀਂ ਸਾਡੀ ਸੇਵਾ ਤੋਂ ਸੰਤੁਸ਼ਟ ਨਹੀਂ ਹੋ ਤਾਂ ਚੁੱਕੇ ਜਾਣ ਵਾਲੇ ਕਦਮ

ਜਦੋਂ ਤੁਸੀਂ ਸੰਤੁਸ਼ਟ ਨਹੀਂ ਹੁੰਦੇ ਹੋ ਤਾਂ ਸਾਡੇ ਲਈ ਇਹ ਜਾਣਨਾ ਮਹੱਤਵਪੂਰਨ ਹੈ ਤਾਂ ਜੋ ਅਸੀਂ ਆਪਣੀ ਸੇਵਾ ਵਿੱਚ ਸੁਧਾਰ ਕਰਨਾ ਜਾਰੀ ਰੱਖ ਸਕੀਏ।

ਜੇਕਰ ਅਸੀਂ ਤੁਹਾਡੀਆਂ ਉਮੀਦਾਂ 'ਤੇ ਖਰ੍ਹਾ ਨਹੀਂ ਉੱਤਰੇ ਹਾਂ, ਜਾਂ ਤੁਹਾਨੂੰ ਲੱਗਦਾ ਹੈ ਕਿ ਅਸੀਂ ਆਪਣੇ ਚਾਰਟਰ ਦੀ ਪਾਲਣਾ ਨਹੀਂ ਕੀਤੀ ਹੈ ਤਾਂ ਤੁਸੀਂ ਕਈ ਕਦਮ ਚੁੱਕ ਸਕਦੇ ਹੋ:

  1. ਪਹਿਲੇ ਕਦਮ ਦੇ ਤੌਰ 'ਤੇ, ਕਿਸੇ ATO ਅਧਿਕਾਰੀ ਨਾਲ ਆਪਣੀਆਂ ਚਿੰਤਾਵਾਂ ਬਾਰੇ ਚਰਚਾ ਕਰੋ ਜੋ ਤੁਹਾਡੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗਾ। ਤੁਹਾਨੂੰ ਕੋਈ ਵਿਸ਼ੇਸ਼ ਸੰਪਰਕ ਪ੍ਰਦਾਨ ਕੀਤਾ ਗਿਆ ਹੋ ਸਕਦਾ ਹੈ ਜਿਸ ਨਾਲ ਤੁਸੀਂ ਗੱਲ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਸਾਡੇ ਨਾਲ ਇਨ੍ਹਾਂ ਰਾਹੀਂ ਸੰਪਰਕ ਕਰ ਸਕਦੇ ਹੋ
  2. ਜੇਕਰ ਤੁਸੀਂ ਸੰਤੁਸ਼ਟ ਨਹੀਂ ਹੋ, ਤਾਂ ਤੁਸੀਂ ਕਿਸੇ ਮੈਨੇਜਰ ਨਾਲ ਗੱਲ ਕਰਨ ਲਈ ਕਹਿ ਸਕਦੇ ਹੋ।
  3. ਜੇਕਰ ਇਹ ਫਿਰ ਵੀ ਤੁਹਾਡੀਆਂ ਚਿੰਤਾਵਾਂ ਨੂੰ ਹੱਲ ਨਹੀਂ ਕਰਦਾ ਹੈ, ਤਾਂ ਤੁਸੀਂ ਸਾਡੀਆਂ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ ਲਈ ਫੀਡਬੈਕ ਦੇ ਸਕਦੇ ਹੋ ਜਾਂ ਰਸਮੀ ਸ਼ਿਕਾਇਤ ਦਰਜ ਕਰ ਸਕਦੇ ਹੋ

ਅਸੀਂ ਸਾਰੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਉਨ੍ਹਾਂ ਨੂੰ ਜਲਦੀ ਅਤੇ ਨਿਰਪੱਖ ਢੰਗ ਨਾਲ ਹੱਲ ਕਰਨ ਦਾ ਟੀਚਾ ਰੱਖਦੇ ਹਾਂ।

ਸ਼ਿਕਾਇਤ ਕਰਨ ਨਾਲ ਸਾਡੇ ਨਾਲ ਤੁਹਾਡੇ ਰਿਸ਼ਤੇ 'ਤੇ ਕੋਈ ਅਸਰ ਨਹੀਂ ਪਵੇਗਾ।

ਜੇਕਰ ਤੁਸੀਂ ਸਾਡੇ ਨਾਲ ਸ਼ਿਕਾਇਤ ਕਰਨ ਤੋਂ ਬਾਅਦ ਵੀ ਸੰਤੁਸ਼ਟ ਨਹੀਂ ਹੋ, ਤਾਂ ਤੁਸੀਂ ਸੁਤੰਤਰ ਜਾਂਚ ਕੀਤੇ ਜਾਣ ਲਈ ਇੰਸਪੈਕਟਰ-ਜਨਰਲ ਆਫ਼ ਟੈਕਸੇਸ਼ਨ ਐਂਡ ਟੈਕਸੇਸ਼ਨ ਓਮਬਡਸਮੈਨExternal Link ਨਾਲ ਸੰਪਰਕ ਕਰ ਸਕਦੇ ਹੋ।

ਤੁਸੀਂ ਸਾਡੇ ਵੱਲੋਂ ਮੁਆਵਜ਼ੇ ਦਿੱਤੇ ਜਾਣ ਲਈ ਅਰਜ਼ੀ ਵੀ ਦੇ ਸਕਦੇ ਹੋ ਜੇਕਰ ਤੁਸੀਂ:

  • ਮੰਨਦੇ ਹੋ ਕਿ ਸਾਡੀਆਂ ਕਾਰਵਾਈਆਂ ਨੇ ਕਾਨੂੰਨੀ ਜ਼ਿੰਮੇਵਾਰੀ ਨੂੰ ਪੈਦਾ ਕੀਤਾ ਹੈ
  • ਸਾਡੇ ਨੁਕਸਦਾਰ ਪ੍ਰਸ਼ਾਸਨ ਕਾਰਨ ਵਿੱਤੀ ਨੁਕਸਾਨ ਹੋਇਆ ਹੈ।

ਸਾਡੇ ਨਾਲ ਸੰਪਰਕ ਕਿਵੇਂ ਕਰੀਏ

ਜੇਕਰ ਤੁਹਾਡੇ ਪ੍ਰਤੀ ਸਾਡੀਆਂ ਕਿਸੇ ਵਚਨਬੱਧਤਾਵਾਂ ਜਾਂ ਅਸੀਂ ਤੁਹਾਡੇ ਤੋਂ ਕੀ ਮੰਗਦੇ ਹਾਂ, ਇਸ ਬਾਰੇ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ, ਸਾਡੇ ਨਾਲ ਸੰਪਰਕ ਕਰੋ ਜਾਂ ਕਿਸੇ ਪੇਸ਼ੇਵਰ ਸਲਾਹਕਾਰ ਨਾਲ ਸੰਪਰਕ ਕਰੋ।

QC57455