ato logo
Search Suggestion:

ਗੈਰ-ਕਾਨੂੰਨੀ ਸੁਪਰ ਸਕੀਮਾਂ - ਆਪਣੇ ਸੁਪਰ ਨੂੰ ਜਲਦੀ ਵਾਪਸ ਲੈਣ ਦੀਆਂ ਪੇਸ਼ਕਸ਼ਾਂ ਤੋਂ ਸਾਵਧਾਨ ਰਹੋ

Last updated 18 April 2023

ਸੁਪਰਐਨੂਏਸ਼ਨ ਬਾਰੇ

ਸੁਪਰਐਨੂਏਸ਼ਨ, ਜਾਂ 'ਸੁਪਰ', ਤੁਹਾਡੇ ਕੰਮਕਾਜੀ ਜੀਵਨ ਦੌਰਾਨ ਤੁਹਾਨੂੰ ਰਿਟਾਇਰਮੈਂਟ ਵਿੱਚ ਆਮਦਨੀ ਪ੍ਰਦਾਨ ਕਰਨ ਲਈ ਇੱਕ ਪਾਸੇ ਰੱਖਿਆ ਜਾਂਦਾ ਪੈਸਾ ਹੈ।

ਸੁਪਰ ਮਹੱਤਵਪੂਰਨ ਹੈ ਕਿਉਂਕਿ ਜਿੰਨ੍ਹਾਂ ਜ਼ਿਆਦਾ ਤੁਸੀਂ ਬੱਚਤ ਕਰੋਗੇ, ਰਿਟਾਇਰਮੈਂਟ ਲਈ ਤੁਹਾਡੇ ਕੋਲ ਓਨਾ ਹੀ ਜ਼ਿਆਦਾ ਪੈਸਾ ਹੋਵੇਗਾ।

ਕੁੱਝ ਲੋਕ ਤੁਹਾਨੂੰ ਇਹ ਦੱਸਦੇ ਹੋਏ ਸੁਪਰ ਬਾਰੇ ਸਕੀਮਾਂ ਦਾ ਪ੍ਰਚਾਰ ਕਰਦੇ ਹਨ ਕਿ ਉਹ ਕ੍ਰੈਡਿਟ ਕਾਰਡ ਦੇ ਕਰਜ਼ੇ ਦਾ ਭੁਗਤਾਨ ਕਰਨ, ਘਰ ਜਾਂ ਕਾਰ ਖ਼ਰੀਦਣ, ਜਾਂ ਛੁੱਟੀਆਂ 'ਤੇ ਜਾਣ ਵਰਗੀਆਂ ਚੀਜ਼ਾਂ ਕਰਨ ਲਈ ਹੁਣੇ ਤੁਹਾਡੇ ਸੁਪਰ ਤੱਕ ਪਹੁੰਚ ਕਰਨ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ।

ਇਹ ਸਕੀਮਾਂ ਗੈਰ-ਕਾਨੂੰਨੀ ਹਨ ਅਤੇ ਤੁਹਾਡੇ ਦੁਆਰਾ ਕਢਵਾਏ ਗਏ ਸੁਪਰ ਤੋਂ ਕਿਤੇ ਬਹੁਤ ਜ਼ਿਆਦਾ ਮਹਿੰਗੀਆਂ ਸਾਬਤ ਹੋ ਸਕਦੀਆਂ ਹਨ।

ਜੇ ਤੁਹਾਨੂੰ ਇਸ ਤਰ੍ਹਾਂ ਦੀ ਹੀ ਕਿਸੇ ਸਕੀਮ ਬਾਰੇ ਕਿਸੇ ਦੁਆਰਾ ਸੰਪਰਕ ਕੀਤਾ ਜਾਂਦਾ ਹੈ, ਤਾਂ ਸਲਾਹ ਲੈਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਤੁਹਾਡਾ ਸੁਪਰ ਸੁਰੱਖਿਅਤ ਹੈ, ਸਾਨੂੰ ਤੁਰੰਤ 13 10 20 'ਤੇ ਫ਼ੋਨ ਕਰੋ।

ਜੇਕਰ ਤੁਸੀਂ ਸਾਡੇ ਨਾਲ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਗੱਲ ਕਰਨਾ ਚਾਹੁੰਦੇ ਹੋ, ਤਾਂ 13 14 50 'ਤੇ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) ਨੂੰ ਫ਼ੋਨ ਕਰੋ। ਇਹ ਸੇਵਾ ਸਾਨੂੰ ਦੁਭਾਸ਼ੀਏ ਨਾਲ ਫ਼ੋਨ ਕਰੇਗੀ ਤਾਂ ਜੋ ਅਸੀਂ ਤੁਹਾਡੀ ਪੁੱਛਗਿੱਛ ਵਿੱਚ ਮੱਦਦ ਕਰ ਸਕੀਏ।

ਗੈਰ-ਕਾਨੂੰਨੀ ਸੁਪਰ ਸਕੀਮਾਂ ਕਿਵੇਂ ਕੰਮ ਕਰਦੀਆਂ ਹਨ

ਗੈਰ-ਕਾਨੂੰਨੀ ਸੁਪਰ ਸਕੀਮਾਂ ਵਿੱਚ ਆਮ ਤੌਰ 'ਤੇ ਤੁਹਾਡੇ ਸੁਪਰ ਨੂੰ ਜਲਦੀ ਕਢਵਾਉਣ ਵਿੱਚ ਤੁਹਾਡੀ ਮੱਦਦ ਕਰਨ ਦੀ ਪੇਸ਼ਕਸ਼ ਕਰਨ ਵਾਲਾ ਕੋਈ ਵਿਅਕਤੀ ਸ਼ਾਮਲ ਹੁੰਦਾ ਹੈ।

ਗੈਰ-ਕਾਨੂੰਨੀ ਸੁਪਰ ਸਕੀਮਾਂ ਦੇ ਪ੍ਰਮੋਟਰ ਆਮ ਤੌਰ 'ਤੇ:

  • ਇਹ ਦਾਅਵਾ ਕਰਦੇ ਹਨ ਕਿ ਤੁਸੀਂ ਆਪਣੇ ਸੁਪਰ ਨੂੰ ਹੁਣੇ ਕਿਸੇ ਵੀ ਚੀਜ਼ ਲਈ ਵਰਤ ਸਕਦੇ ਹੋ - ਜੋ ਕਿ ਸੱਚ ਨਹੀਂ ਹੈ
  • ਤੁਹਾਨੂੰ ਆਪਣੇ ਸੁਪਰ ਨੂੰ ਆਪਣੇ ਮੌਜੂਦਾ ਸੁਪਰ ਫ਼ੰਡ ਤੋਂ ਸਵੈ-ਪ੍ਰਬੰਧਿਤ ਸੁਪਰ ਫ਼ੰਡ (SMSF) ਵਿੱਚ ਟ੍ਰਾਂਸਫਰ ਕਰਨ ਲਈ ਉਤਸ਼ਾਹਿਤ ਕਰਦੇ ਹਨ, ਜਿਸ ਨੂੰ ਸਥਾਪਤ ਕਰਨ ਵਿੱਚ ਉਹ ਅਕਸਰ ਤੁਹਾਡੀ ਮੱਦਦ ਕਰਨ ਦੀ ਪੇਸ਼ਕਸ਼ ਕਰਨਗੇ
  • ਤੁਹਾਨੂੰ ਦੱਸਦੇ ਹਨ ਕਿ ਧੋਖਾਧੜੀ ਵਾਲੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਸੁਪਰ ਪਹਿਲਾਂ ਕਢਵਾਉਣ ਦੀ ਸ਼ਰਤ ਨੂੰ ਕਿਵੇਂ ਪੂਰਾ ਕਰਨਾ ਹੈ
  • ਉਹਨਾਂ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਮੋਟੀ ਫ਼ੀਸ ਵਸੂਲਦੇ ਹਨ
  • ਤੁਹਾਡੇ ਪਛਾਣ ਦਸਤਾਵੇਜ਼ਾਂ ਲਈ ਬੇਨਤੀ ਕਰਦੇ ਹਨ ਜਿਨ੍ਹਾਂ ਦੀ ਵਰਤੋਂ ਉਹ ਤੁਹਾਡੀ ਪਛਾਣ ਚੋਰੀ ਕਰਨ ਲਈ ਕਰ ਸਕਦੇ ਹਨ।

ਗੈਰ-ਕਾਨੂੰਨੀ ਸੁਪਰ ਸਕੀਮਾਂ ਅਕਸਰ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਜੋ ਵਿੱਤੀ ਦਬਾਅ ਹੇਠ ਹਨ ਜਾਂ ਜੋ ਸੁਪਰ ਸੰਬੰਧੀ ਕਾਨੂੰਨਾਂ ਨੂੰ ਨਹੀਂ ਸਮਝਦੇ ਹਨ।

'ਸੁਪਰ ਦੇ ਪੈਸੇ ਪਹਿਲਾਂ ਕਢਵਾਉਣ ਦੀ ਸ਼ਰਤ' ਕਹੇ ਜਾਣ ਵਾਲੀ ਸ਼ਰਤ ਨੂੰ ਪੂਰਾ ਕੀਤੇ ਬਿਨ੍ਹਾਂ ਕਿਸੇ ਵੀ ਸੁਪਰ ਫ਼ੰਡ ਵਿੱਚੋਂ ਆਪਣਾ ਸੁਪਰ ਲੈਣਾ, ਜਾਂ ਦੂਜਿਆਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰਨਾ ਗੈਰ-ਕਾਨੂੰਨੀ ਹੈ।

ਗੈਰ-ਕਾਨੂੰਨੀ ਸੁਪਰ ਸਕੀਮਾਂ ਸ਼ਨਾਖਤ ਚੋਰੀ ਹੋਣ ਦਾ ਕਾਰਨ ਬਣ ਸਕਦੀਆਂ ਹਨ

ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਸਕੀਮ ਵਿੱਚ ਹਿੱਸਾ ਲੈਂਦੇ ਹੋ, ਤਾਂ ਤੁਸੀਂ ਸ਼ਨਾਖਤ ਚੋਰੀ ਹੋਣ ਦਾ ਸ਼ਿਕਾਰ ਵੀ ਹੋ ਸਕਦੇ ਹੋ। ਇਹ ਉਦੋਂ ਹੁੰਦਾ ਹੈ ਜਦੋਂ ਕੋਈ ਤੁਹਾਡੇ ਨਿੱਜੀ ਵੇਰਵਿਆਂ ਦੀ ਵਰਤੋਂ ਕਰਦਾ ਹੈ ਅਤੇ ਧੋਖਾਧੜੀ ਜਾਂ ਹੋਰ ਅਪਰਾਧ ਕਰਨ ਲਈ ਤੁਸੀਂ ਹੋਣ ਦਾ ਦਿਖਾਵਾ ਕਰਦਾ ਹੈ।

ਇੱਕ ਵਾਰ ਜਦੋਂ ਤੁਹਾਡੀ ਸ਼ਨਾਖਤ ਚੋਰੀ ਹੋ ਜਾਂਦੀ ਹੈ ਅਤੇ ਦੁਰਵਰਤੋਂ ਹੋ ਜਾਂਦੀ ਹੈ, ਤਾਂ ਇਸਨੂੰ ਠੀਕ ਕਰਨ ਵਿੱਚ ਕਈ ਸਾਲ ਲੱਗ ਸਕਦੇ ਹਨ।

SMSF ਵਿੱਚ ਤਬਾਦਲਾ

ਜ਼ਿਆਦਾਤਰ ਗੈਰ-ਕਾਨੂੰਨੀ ਸੁਪਰ ਸਕੀਮਾਂ ਲਈ ਤੁਹਾਨੂੰ ਆਪਣੇ ਸੁਪਰ ਨੂੰ ਆਪਣੇ ਮੌਜੂਦਾ ਸੁਪਰ ਫ਼ੰਡ ਤੋਂ ਇੱਕ ਨਵੇਂ ਸਥਾਪਿਤ ਕੀਤੇ SMSF ਵਿੱਚ ਟ੍ਰਾਂਸਫਰ ਕਰਨ ਦੀ ਲੋੜ ਹੁੰਦੀ ਹੈ। ਇਸ ਨੂੰ 'ਰੋਲਓਵਰ (ਤਬਾਦਲਾ ਕਰਨਾ)' ਕਿਹਾ ਜਾਂਦਾ ਹੈ।

ਆਪਣੇ ਸੁਪਰ ਨੂੰ ਰੋਲਓਵਰ ਕਰਨ ਜਾਂ ਟ੍ਰਾਂਸਫਰ ਕਰਨ ਤੋਂ ਪਹਿਲਾਂ, ਆਪਣੇ ਸੁਪਰ ਫ਼ੰਡ ਨਾਲ ਸੰਪਰਕ ਕਰੋ। ਉਹ ਤੁਹਾਨੂੰ ਸਲਾਹ ਦੇ ਸਕਦੇ ਹਨ ਕਿ ਕੀ ਤੁਸੀਂ ਆਪਣੇ ਸੁਪਰ ਨੂੰ ਕਢਵਾ ਸਕਦੇ ਹੋ ਜਾਂ ਨਹੀਂ।

ਅਸੀਂ ਰੋਲਓਵਰ ਪ੍ਰਕਿਰਿਆਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਤੁਹਾਡੀ ਰਿਟਾਇਰਮੈਂਟ ਬੱਚਤਾਂ ਨੂੰ ਗੈਰ-ਕਾਨੂੰਨੀ ਸਕੀਮਾਂ ਤੋਂ ਬਚਾਉਣ ਲਈ ਸੁਪਰ ਫ਼ੰਡਾਂ ਨਾਲ ਮਿਲਕੇ ਕੰਮ ਕਰ ਰਹੇ ਹਾਂ

ਤੁਸੀਂ ਕਾਨੂੰਨੀ ਤੌਰ 'ਤੇ ਆਪਣੇ ਸੁਪਰ ਤੱਕ ਕਦੋਂ ਪਹੁੰਚ ਕਰ ਸਕਦੇ ਹੋ

ਆਮ ਤੌਰ 'ਤੇ, ਤੁਸੀਂ ਸਿਰਫ਼ ਉਦੋਂ ਹੀ ਆਪਣੇ ਸੁਪਰ ਤੱਕ ਪਹੁੰਚ ਕਰ ਸਕਦੇ ਹੋ ਜਦੋਂ ਤੁਸੀਂ 'ਸੰਭਾਲ ਦੀ ਉਮਰ' 'ਤੇ ਪਹੁੰਚ ਜਾਂਦੇ ਹੋ ਅਤੇ ਕੰਮ ਕਰਨਾ ਬੰਦ ਕਰ ਦਿੰਦੇ ਹੋ।

ਇਸ ਸਮੇਂ, ਆਸਟ੍ਰੇਲੀਆ ਵਿੱਚ, 1 ਜੁਲਾਈ 1960 ਤੋਂ ਪਹਿਲਾਂ ਪੈਦਾ ਹੋਏ ਲੋਕਾਂ ਲਈ ਸੰਭਾਲ ਦੀ ਉਮਰ 55 ਸਾਲ ਹੈ। ਫਿਰ ਇਹ ਹੌਲੀ-ਹੌਲੀ ਵੱਧਦੀ ਹੈ। 30 ਜੂਨ 1964 ਤੋਂ ਬਾਅਦ ਜਨਮੇ ਕਿਸੇ ਵੀ ਵਿਅਕਤੀ ਲਈ, ਸੰਭਾਲ ਦੀ ਉਮਰ 60 ਸਾਲ ਹੈ।

ਇਥੇ ਕੁੱਝ ਖ਼ਾਸ ਹਾਲਾਤ ਹਨ ਜਦੋਂ ਤੁਸੀਂ ਕਾਨੂੰਨੀ ਤੌਰ 'ਤੇ ਆਪਣੇ ਸੁਪਰ ਨੂੰ ਛੇਤੀ ਕਢਵਾ ਸਕਦੇ ਹੋ। ਇਹਨਾਂ ਵਿੱਚ ਖ਼ਾਸ ਡਾਕਟਰੀ ਸਥਿਤੀਆਂ ਸ਼ਾਮਲ ਹੁੰਦੀਆਂ ਹਨ ਜਾਂ ਜਦੋਂ ਤੁਸੀਂ ਗੰਭੀਰ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਹੁੰਦੇ ਹੋ।

ਇਹ ਪਤਾ ਲਗਾਉਣ ਲਈ ਕਿ ਕੀ ਤੁਸੀਂ ਆਪਣੇ ਸੁਪਰ ਨੂੰ ਜਲਦੀ ਕਢਵਾਉਣ ਦੇ ਯੋਗ ਹੋ ਜਾਂ ਨਹੀਂ:

  • ਆਪਣੇ ਸੁਪਰ ਫ਼ੰਡ ਨਾਲ ਸੰਪਰਕ ਕਰੋ
  • ਛੇਤੀ ਪਹੁੰਚ ਬਾਰੇ ਹੋਰ ਜਾਣਕਾਰੀ ਦੇਖੋ।

ਕਾਨੂੰਨੀ ਤੌਰ 'ਤੇ ਆਪਣੇ ਸੁਪਰ ਨੂੰ ਛੇਤੀ ਲੈਣ ਲਈ ਤੁਹਾਨੂੰ ਕਿਸੇ ਨੂੰ ਵੀ ਅਰਜ਼ੀ ਫ਼ੀਸ ਦੇਣ ਦੀ ਲੋੜ ਨਹੀਂ ਹੁੰਦੀ ਹੈ।

ਅਸਥਾਈ ਨਿਵਾਸੀ

ਇੱਕ ਅਸਥਾਈ ਨਿਵਾਸੀ ਦੇ ਰੂਪ ਵਿੱਚ, ਜਦੋਂ ਤੁਸੀਂ ਆਸਟ੍ਰੇਲੀਆ ਛੱਡਦੇ ਹੋ ਤਾਂ ਤੁਸੀਂ ਆਪਣੇ ਸੁਪਰ ਦਾ ਭੁਗਤਾਨ ਕੀਤੇ ਜਾਣ ਦੇ ਯੋਗ ਹੋ ਸਕਦੇ ਹੋ। ਇਸ ਨੂੰ ਡਿਪਾਰਟਿੰਗ ਆਸਟ੍ਰੇਲੀਆ ਸੁਪਰ ਪੇਮੈਂਟ (DASP) ਕਿਹਾ ਜਾਂਦਾ ਹੈ।

ਤੁਸੀਂ DASP ਲਈ ਅਰਜ਼ੀ ਦੇ ਸਕਦੇ ਹੋ ਜੇਕਰ ਹੇਠ ਲਿਖੀਆਂ ਸਾਰੀਆਂ ਗੱਲਾਂ ਸੱਚ ਹਨ:

  • ਤੁਸੀਂ ਅਸਥਾਈ ਵੀਜ਼ੇ 'ਤੇ ਆਸਟ੍ਰੇਲੀਆ ਦਾ ਦੌਰਾ ਕੀਤਾ ਹੈ (ਵੀਜ਼ਾ ਸਬ-ਕਲਾਸ 405 ਅਤੇ 410 ਨੂੰ ਛੱਡ ਕੇ)
  • ਤੁਹਾਡਾ ਵੀਜ਼ਾ ਹੁਣ ਪ੍ਰਭਾਵੀ ਨਹੀਂ ਹੈ
  • ਤੁਸੀਂ ਆਸਟ੍ਰੇਲੀਆ ਛੱਡ ਦਿੱਤਾ ਹੈ

ਇਹ ਭੁਗਤਾਨ ਆਸਟ੍ਰੇਲੀਆਈ ਜਾਂ ਨਿਊਜ਼ੀਲੈਂਡ ਦੇ ਨਾਗਰਿਕਾਂ ਜਾਂ ਸਥਾਈ ਨਿਵਾਸੀਆਂ ਲਈ ਉਪਲਬਧ ਨਹੀਂ ਹੈ।

ਗੈਰ-ਕਾਨੂੰਨੀ ਤੌਰ 'ਤੇ ਬਹੁਤ ਜਲਦੀ ਪਹੁੰਚ ਕਰਨ ਲਈ ਜ਼ੁਰਮਾਨੇ

ਗੈਰ-ਕਾਨੂੰਨੀ ਤੌਰ 'ਤੇ ਆਪਣੇ ਸੁਪਰ ਨੂੰ ਛੇਤੀ ਲੈਣ ਲਈ ਗੰਭੀਰ ਜ਼ੁਰਮਾਨੇ ਲਾਗੂ ਹੁੰਦੇ ਹਨ। ਤੁਸੀਂ ਕਿਸੇ ਵੀ ਉਸ ਫ਼ੀਸ ਲਈ ਕਟੌਤੀ ਦਾ ਦਾਅਵਾ ਨਹੀਂ ਕਰ ਸਕਦੇ ਜੋ ਪ੍ਰਮੋਟਰ ਤੁਹਾਡੇ ਸੁਪਰ ਵਿੱਚੋਂ ਲੈਂਦਾ ਹੈ।

ਜੇਕਰ ਤੁਸੀਂ ਗੈਰ-ਕਾਨੂੰਨੀ ਤੌਰ 'ਤੇ ਆਪਣੇ ਸੁਪਰ ਨੂੰ ਜਲਦੀ ਲੈਂਦੇ ਹੋ:

  • ਤੁਹਾਨੂੰ ਤੁਹਾਡੇ ਦੁਆਰਾ ਲਏ ਸੁਪਰ 'ਤੇ ਵਿਆਜ ਅਤੇ ਜੁਰਮਾਨੇ ਦਾ ਭੁਗਤਾਨ ਕਰਨ ਦੀ ਲੋੜ ਹੋ ਸਕਦੀ ਹੈ
  • ਇਹ ਤੁਹਾਡੀ ਟੈਕਸਯੋਗ ਆਮਦਨ ਵਿੱਚ ਸ਼ਾਮਲ ਹੋਵੇਗਾ, ਭਾਵੇਂ ਤੁਸੀਂ ਬਾਅਦ ਵਿੱਚ ਫ਼ੰਡ ਵਿੱਚ ਸੁਪਰ ਵਾਪਸ ਕਰ ਦਿਓ

ਜੇਕਰ ਤੁਸੀਂ ਕਿਸੇ ਸਕੀਮ ਵਿੱਚ ਸ਼ਾਮਲ ਹੋਏ ਹੋ, ਤਾਂ ਸਵੈਇੱਛਤ ਖੁਲਾਸਾ ਦਰਜ ਕਰਨ ਲਈ ਤੁਰੰਤ ਸਾਡੇ ਨਾਲ ਸੰਪਰਕ ਕਰੋ। ਅਗਲੀ ਕਾਰਵਾਈ ਨੂੰ ਨਿਰਧਾਰਤ ਕਰਦੇ ਸਮੇਂ ਅਸੀਂ ਤੁਹਾਡੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਾਂਗੇ।

SMSFs ਦੇ ਮੈਂਬਰ ਅਤੇ ਟਰੱਸਟੀ

ਇੱਕ ਟਰੱਸਟੀ ਉਹ ਵਿਅਕਤੀ ਹੁੰਦਾ ਹੈ ਜੋ ਸੁਪਰ ਫ਼ੰਡ ਦਾ ਪ੍ਰਬੰਧਨ ਕਰਦਾ ਹੈ। SMSF ਅਤੇ ਹੋਰ ਕਿਸਮਾਂ ਦੇ ਫ਼ੰਡਾਂ ਵਿੱਚ ਇਹ ਅੰਤਰ ਹੈ ਕਿ SMSF ਦੇ ਮੈਂਬਰ ਟਰੱਸਟੀ ਹੁੰਦੇ ਹਨ। ਇਸਦਾ ਮਤਲਬ ਹੈ ਕਿ ਉਹ ਆਪਣੇ ਫ਼ਾਇਦੇ ਲਈ SMSF ਚਲਾਉਂਦੇ ਹਨ।

ਜੇਕਰ ਤੁਸੀਂ ਇੱਕ SMSF ਟਰੱਸਟੀ ਹੋ ਅਤੇ ਸੁਪਰ ਨੂੰ ਜਲਦੀ ਵਾਪਸ ਲੈਣ ਦੀ ਇਜਾਜ਼ਤ ਦਿੰਦੇ ਹੋ, ਤਾਂ:

  • ਤੁਹਾਨੂੰ ਪ੍ਰਬੰਧਕੀ ਜੁਰਮਾਨੇ ਲੱਗ ਸਕਦੇ ਹਨ
  • ਤੁਹਾਨੂੰ ਅਯੋਗ ਠਹਿਰਾਇਆ ਜਾ ਸਕਦਾ ਹੈ।

ਜੇਕਰ ਤੁਸੀਂ ਅਯੋਗ ਠਹਿਰਾਏ ਜਾਂਦੇ ਹੋ, ਤਾਂ ਤੁਸੀਂ SMSF ਦੇ ਟਰੱਸਟੀ ਵਜੋਂ ਕੰਮ ਨਹੀਂ ਕਰ ਸਕਦੇ ਅਤੇ ਤੁਹਾਡਾ ਨਾਮ ਔਨਲਾਈਨ ਪ੍ਰਕਾਸ਼ਿਤ ਕੀਤਾ ਜਾਵੇਗਾ।

ਇਸ ਸਕੀਮ ਵਿੱਚ ਤੁਹਾਡੀ ਸ਼ਮੂਲੀਅਤ ਦੇ ਆਧਾਰ 'ਤੇ ਹੋਰ ਜੁਰਮਾਨੇ ਵੀ ਹੋ ਸਕਦੇ ਹਨ।

ਪ੍ਰਮੋਟਰ

ਜਿਹੜੇ ਲੋਕ ਸੁਪਰ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਜਲਦੀ ਲੈਣ ਨੂੰ ਉਤਸ਼ਾਹਿਤ ਕਰਦੇ ਹਨ ਜਾਂ ਪ੍ਰਮੋਟ ਕਰਦੇ ਹਨ ਉਹਨਾਂ ਨੂੰ 'ਪ੍ਰਮੋਟਰ' ਕਿਹਾ ਜਾਂਦਾ ਹੈ। ਸਾਡੇ ਅਤੇ ਆਸਟ੍ਰੇਲੀਅਨ ਸਕਿਓਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ (ASIC) ਦੁਆਰਾ ਇਹਨਾਂ ਕਾਨੂੰਨਾਂ ਦੀ ਉਲੰਘਣਾ ਲਈ ਉਹਨਾਂ 'ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ:

  • ਸੁਪਰੈਨੂਏਸ਼ਨ ਇੰਡਸਟਰੀ (ਨਿਗਰਾਨੀ) ਐਕਟ 1993
  • ਕਾਰਪੋਰੇਸ਼ਨ ਐਕਟ 2001
  • ਆਸਟ੍ਰੇਲੀਅਨ ਸਕਿਓਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ ਐਕਟ 2001

ਉਲੰਘਣਾਵਾਂ ਵਿੱਚ ਗੁੰਮਰਾਹਕੁੰਨ ਆਚਰਣ ਅਤੇ ਆਸਟਰੇਲੀਆਈ ਵਿੱਤੀ ਸੇਵਾਵਾਂ ਦੇ ਲਾਇਸੈਂਸ ਤੋਂ ਬਿਨ੍ਹਾਂ ਵਿੱਤੀ ਉਤਪਾਦ ਸਲਾਹ ਦੇਣਾ ਸ਼ਾਮਲ ਹੋ ਸਕਦਾ ਹੈ।

ਭਾਰੀ ਜੁਰਮਾਨੇ ਅਤੇ ਜੇਲ੍ਹ ਸਮੇਤ ਦੀਵਾਨੀ ਅਤੇ ਅਪਰਾਧਿਕ ਸਜ਼ਾਵਾਂ ਲਗਾਈਆਂ ਜਾ ਸਕਦੀਆਂ ਹਨ।

ਸਾਨੂੰ ਗੈਰ-ਕਾਨੂੰਨੀ ਸਕੀਮਾਂ ਬਾਰੇ ਦੱਸੋ

ਜੇਕਰ ਤੁਹਾਡੇ ਨਾਲ ਕਿਸੇ ਨੇ ਸੰਪਰਕ ਕੀਤਾ ਹੈ ਜੋ ਤੁਹਾਨੂੰ ਦੱਸ ਰਿਹਾ ਹੈ ਕਿ ਤੁਸੀਂ ਆਪਣੇ ਸੁਪਰ ਨੂੰ ਜਲਦੀ ਲੈ ਸਕਦੇ ਹੋ:

  • ਅਜਿਹੀ ਸਕੀਮ, ਸੰਸਥਾ ਜਾਂ ਤੁਹਾਡੇ ਨਾਲ ਸੰਪਰਕ ਕਰਨ ਵਾਲੇ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਨੂੰ ਰੋਕ ਦਿਓ।
  • ਕਿਸੇ ਵੀ ਦਸਤਾਵੇਜ਼ 'ਤੇ ਦਸਤਖ਼ਤ ਨਾ ਕਰੋ।
  • ਉਹਨਾਂ ਨੂੰ ਆਪਣਾ ਕੋਈ ਵੀ ਨਿੱਜੀ ਵੇਰਵੇ ਪ੍ਰਦਾਨ ਨਾ ਕਰੋ, ਜਿਵੇਂ ਕਿ ਤੁਹਾਡਾ ਟੈਕਸ ਫਾਈਲ ਨੰਬਰ (TFN) ਜਾਂ ਪਾਸਵਰਡ।
  • ਸਾਨੂੰ ਤੁਰੰਤ 13 10 20 'ਤੇ ਫ਼ੋਨ ਕਰੋ ਅਤੇ ਸਾਨੂੰ ਆਪਣੀ ਸਥਿਤੀ ਬਾਰੇ ਦੱਸੋ। ਜੇਕਰ ਤੁਸੀਂ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਸਾਡੇ ਨਾਲ ਗੱਲ ਕਰਨਾ ਪਸੰਦ ਕਰਦੇ ਹੋ, ਤਾਂ ਤੁਸੀਂ 13 14 50 'ਤੇ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) ਨੂੰ ਫ਼ੋਨ ਕਰ ਸਕਦੇ ਹੋ। ਇਹ ਸੇਵਾ ਸਾਨੂੰ ਦੁਭਾਸ਼ੀਏ ਨਾਲ ਫ਼ੋਨ ਕਰੇਗੀ ਤਾਂ ਜੋ ਅਸੀਂ ਤੁਹਾਡੀ ਪੁੱਛਗਿੱਛ ਵਿੱਚ ਮੱਦਦ ਕਰ ਸਕੀਏ।

ਹੋਰ ਜਾਣਕਾਰੀ

ਸੁਪਰ ਬਾਰੇ ਹੋਰ ਜਾਣਕਾਰੀ ਲਈ, ਤੁਹਾਡੇ ਸੁਪਰਐਨੂਏਸ਼ਨ ਦੀਆਂ ਬੁਨਿਆਦੀ ਗੱਲਾਂ 'ਤੇ ਜਾਓ।

ਇਸ ਬਾਰੇ ਹੋਰ ਜਾਣਕਾਰੀ ਲਈ ਕਿ ਤੁਸੀਂ ਆਪਣੇ ਸੁਪਰ ਨੂੰ ਕਦੋਂ ਲੈ ਸਕਦੇ ਹੋ ਅਤੇ ਕਦੋਂ ਨਹੀਂ ਕਰ ਸਕਦੇ ਹੋ:

ਜੇਕਰ ਤੁਸੀਂ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਸਾਡੇ ਨਾਲ ਗੱਲ ਕਰਨਾ ਪਸੰਦ ਕਰਦੇ ਹੋ, ਤਾਂ ਤੁਸੀਂ 13 14 50 'ਤੇ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) ਨੂੰ ਫ਼ੋਨ ਕਰ ਸਕਦੇ ਹੋ। ਇਹ ਸੇਵਾ ਸਾਨੂੰ ਦੁਭਾਸ਼ੀਏ ਨਾਲ ਫ਼ੋਨ ਕਰੇਗੀ ਤਾਂ ਜੋ ਅਸੀਂ ਤੁਹਾਡੀ ਪੁੱਛਗਿੱਛ ਵਿੱਚ ਮੱਦਦ ਕਰ ਸਕੀਏ।

ਸਾਡੇ ਕੋਲ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਵੀ ਜਾਣਕਾਰੀ ਹੈ।

QC72263