ato logo
Search Suggestion:

ਤੁਹਾਡੇ ਸੁਪਰਐਨੂਏਸ਼ਨ ਦੀਆਂ ਮੂਲ ਗੱਲਾਂ

Last updated 27 June 2022

ਸੁਪਰਐਨੂਏਸ਼ਨ ਕੀ ਹੈ, ਇਸ ਨੂੰ ਕਿਵੇਂ ਬਚਾਇਆ ਜਾਵੇ ਅਤੇ ਇਸ ਨੂੰ ਵਧਾਉਣ ਲਈ ਤੁਸੀਂ ਕੀ ਕਰ ਸਕਦੇ ਹੋ, ਬਾਰੇ ਇੱਕ ਮੁੱਢਲੀ ਗਾਈਡ।

ਇਸ ਪੰਨੇ 'ਤੇ

ਸੁਪਰਐਨੂਏਸ਼ਨ ਕੀ ਹੈ?

ਸੁਪਰਐਨੂਏਸ਼ਨ, ਜਾਂ 'ਸੁਪਰ', ਉਹ ਪੈਸੇ ਹੈ ਜੋ ਤੁਹਾਡੇ ਰੁਜ਼ਗਾਰਦਾਤਾ ਦੁਆਰਾ ਤੁਹਾਡੇ ਨੌਕਰੀ ਕਰਨ ਦੇ ਸਮੇਂ ਦੌਰਾਨ ਤੁਹਾਡੇ ਲਈ ਕੰਮ ਤੋਂ ਰਿਟਾਇਰ ਹੋਣ ਤੋਂ ਬਾਅਦ ਜੀਵਨ ਨਿਰਬਾਹ ਕਰਨ ਇਕ ਪਾਸੇ ਰੱਖਿਆ ਗਿਆ ਹੈ।

ਸੁਪਰ ਤੁਹਾਡੇ ਲਈ ਮਹੱਤਵਪੂਰਨ ਹੈ, ਕਿਉਂਕਿ ਤੁਸੀਂ ਜਿੰਨੀ ਜ਼ਿਆਦਾ ਬੱਚਤ ਕਰੋਗੇ, ਤੁਹਾਡੀ ਰਿਟਾਇਰਮੈਂਟ ਲਈ ਤੁਹਾਡੇ ਕੋਲ ਓਨਾ ਹੀ ਜ਼ਿਆਦਾ ਪੈਸਾ ਹੋਵੇਗਾ।

ਤੁਸੀਂ ਸਿਰਫ਼ ਕੁੱਝ ਵਿਸ਼ੇਸ਼ ਸਥਿਤੀਆਂ ਵਿੱਚ ਹੀ ਆਪਣੇ ਸੁਪਰ ਦੇ ਪੈਸੇ ਨੂੰ ਕਢਵਾ ਸਕਦੇ ਹੋ - ਉਦਾਹਰਨ ਲਈ, ਜਦੋਂ ਤੁਸੀਂ ਰਿਟਾਇਰ ਹੋ ਜਾਂਦੇ ਹੋ ਜਾਂ 65 ਸਾਲ ਦੇ ਹੋ ਜਾਂਦੇ ਹੋ।

ਮੈਂ ਸੁਪਰ ਦੀ ਬੱਚਤ ਕਿਵੇਂ ਕਰਾਂ?

ਜ਼ਿਆਦਾਤਰ ਲੋਕਾਂ ਲਈ, ਤੁਹਾਡਾ ਰੁਜ਼ਗਾਰਦਾਤਾ ਤੁਹਾਡੇ ਲਈ ਇੱਕ ਸੁਪਰ ਖਾਤੇ ਵਿੱਚ ਪੈਸੇ – ‘ਯੋਗਦਾਨਾਂ’ – ਦਾ ਭੁਗਤਾਨ ਕਰਦਾ ਹੈ। ਇਸ ਨੂੰ 'ਸੁਪਰ ਗਾਰੰਟੀ' ਕਿਹਾ ਜਾਂਦਾ ਹੈ। ਉਹ ਤੁਹਾਡੀ ਤਨਖ਼ਾਹ ਅਤੇ ਵੇਤਨ ਤੋਂ ਇਲਾਵਾ ਇਹ ਯੋਗਦਾਨ ਅਦਾ ਕਰਦੇ ਹਨ। ਤੁਹਾਡੇ ਰੁਜ਼ਗਾਰਦਾਤਾ ਨੂੰ ਕਿੰਨਾ ਸੁਪਰ ਅਦਾ ਕਰਨਾ ਚਾਹੀਦਾ ਹੈ ਇਸ ਬਾਰੇ ਕਾਨੂੰਨ ਹਨ।

1 ਜੁਲਾਈ 2022 ਤੋਂ, ਤੁਹਾਡੇ ਰੁਜ਼ਗਾਰਦਾਤਾ ਨੂੰ ਤੁਹਾਡੇ ਸੁਪਰ ਵਿੱਚ ਯੋਗਦਾਨ ਪਾਉਣ ਦੀ ਲੋੜ ਹੋ ਸਕਦੀ ਹੈ ਭਾਵੇਂ ਤੁਹਾਨੂੰ ਪ੍ਰਤੀ ਮਹੀਨਾ ਕਿੰਨਾ ਵੀ ਭੁਗਤਾਨ ਕੀਤਾ ਜਾਂਦਾ ਹੋਵੇ। ਜੇਕਰ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈ, ਤਾਂ ਤੁਹਾਨੂੰ ਇਸਦੇ ਯੋਗ ਬਣਨ ਲਈ ਹਫ਼ਤੇ ਵਿੱਚ 30 ਘੰਟੇ ਤੋਂ ਵੱਧ ਕੰਮ ਕਰਨ ਦੀ ਲੋੜ ਹੈ।

ਤੁਹਾਡੀ ਯੋਗਤਾ ਉਦੋਂ ਨਿਰਧਾਰਤ ਕੀਤੀ ਜਾਂਦੀ ਹੈ ਜਦੋਂ ਤੁਹਾਨੂੰ ਤਨਖ਼ਾਹ ਅਤੇ ਵੇਤਨ ਦਾ ਭੁਗਤਾਨ ਕੀਤਾ ਜਾਂਦਾ ਹੈ, ਨਾ ਕਿ ਜਦੋਂ ਆਮਦਨ ਕਮਾਈ ਜਾਂਦੀ ਹੈ। ਇਸਦਾ ਮਤਲਬ ਹੈ ਕਿ ਜੇਕਰ ਤੁਹਾਨੂੰ 1 ਜੁਲਾਈ 2022 ਨੂੰ ਜਾਂ ਇਸ ਤੋਂ ਬਾਅਦ ਭੁਗਤਾਨ ਕੀਤਾ ਜਾਂਦਾ ਹੈ, ਤਾਂ ਇਸ ਗੱਲ ਦੀ ਪਰਵਾਹ ਕੀਤੇ ਬਿਨ੍ਹਾਂ ਕਿ ਤੁਸੀਂ ਕਿੰਨੀ ਕਮਾਈ ਕੀਤੀ ਹੈ, ਤੁਹਾਨੂੰ ਸੁਪਰ ਦਾ ਭੁਗਤਾਨ ਕੀਤਾ ਜਾਵੇਗਾ। ਇਹ ਲਾਗੂ ਹੁੰਦਾ ਹੈ ਭਾਵੇਂ ਤਨਖ਼ਾਹ ਦੀ ਮਿਆਦ ਦਾ ਕੁੱਝ ਸਮਾਂ 1 ਜੁਲਾਈ 2022 ਤੋਂ ਪਹਿਲਾਂ ਦਾ ਵੀ ਹੋਵੇ।

1 ਜੁਲਾਈ 2022 ਤੱਕ, ਤੁਹਾਨੂੰ ਸੁਪਰ ਭੁਗਤਾਨ ਪ੍ਰਾਪਤ ਕਰਨ ਲਈ ਇੱਕ ਕੈਲੰਡਰ ਮਹੀਨੇ ਵਿੱਚ 450 ਡਾਲਰ ਜਾਂ ਇਸ ਤੋਂ ਵੱਧ ਰਕਮ (ਟੈਕਸ ਤੋਂ ਪਹਿਲਾਂ) ਦਾ ਭੁਗਤਾਨ ਪ੍ਰਾਪਤ ਕਰਨ ਦੀ ਲੋੜ ਹੁੰਦੀ ਸੀ।

ਇਹ ਲਾਗੂ ਹੁੰਦਾ ਹੈ ਭਾਵੇਂ ਤੁਸੀਂ ਕੈਜ਼ੂਅਲ, ਪਾਰਟ-ਟਾਈਮ ਜਾਂ ਫੁੱਲ-ਟਾਈਮ ਵਜੋਂ ਕੰਮ ਕਰਦੇ ਹੋ, ਅਤੇ ਤਾਂ ਵੀ ਜੇ ਤੁਸੀਂ ਅਸਥਾਈ ਨਿਵਾਸੀ ਹੋ। ਜੇਕਰ ਤੁਸੀਂ ਇੱਕ ਠੇਕੇਦਾਰ ਹੋ ਜਿਸਨੂੰ ਮੁੱਖ ਤੌਰ 'ਤੇ ਮਜ਼ਦੂਰੀ ਲਈ ਭੁਗਤਾਨ ਕੀਤਾ ਜਾਂਦਾ ਹੈ ਤਾਂ ਤੁਸੀਂ ਵੀ ਯੋਗ ਹੋ ਸਕਦੇ ਹੋ, ਭਾਵੇਂ ਤੁਹਾਡੇ ਕੋਲ ਆਸਟ੍ਰੇਲੀਅਨ ਬਿਜ਼ਨਸ ਨੰਬਰ (ABN) ਹੈ।

ਮੇਰੇ ਸੁਪਰ ਵਿੱਚ ਪੈਸੇ ਦਾ ਭੁਗਤਾਨ ਕਿਵੇਂ ਹੁੰਦਾ ਹੈ?

ਤੁਹਾਡੇ ਰੁਜ਼ਗਾਰਦਾਤਾ ਨੂੰ ਤੁਹਾਡੀ ਕੰਮ ਦੇ ਸਧਾਰਨ ਸਮੇਂ ਦੀ ਕਮਾਈ ਦੀ ਮੌਜੂਦਾ ਸੁਪਰ ਗਾਰੰਟੀ ਦਰ ਦੇ ਆਧਾਰ 'ਤੇ ਘੱਟੋ-ਘੱਟ ਰਕਮ ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ। ਇਹ ਆਉਣ ਵਾਲੇ ਸਾਲਾਂ ਵਿੱਚ ਹੌਲੀ-ਹੌਲੀ ਵਧਣਾ ਤੈਅ ਹੈ।

ਕੰਮ ਦੇ ਸਧਾਰਨ ਸਮੇਂ ਦੀ ਕਮਾਈ ਉਹ ਹੁੰਦੀ ਹੈ ਜੋ ਤੁਸੀਂ ਆਮ ਤੌਰ 'ਤੇ ਕੰਮ ਦੇ ਸਧਾਰਨ ਘੰਟੇ ਕੰਮ ਕਰਕੇ ਕਮਾਉਂਦੇ ਹੋ, ਜਿਸ ਵਿੱਚ ਵਾਧੂ-ਅਵਾਰਡ ਭੁਗਤਾਨ, ਕੁੱਝ ਬੋਨਸ, ਭੱਤੇ, ਅਤੇ ਕੁੱਝ ਅਦਾਇਗੀ ਸੁਦਾ ਛੁੱਟੀ ਸ਼ਾਮਲ ਹਨ। ਕੰਮ ਦੇ ਸਧਾਰਨ ਸਮੇਂ ਦੀ ਕਮਾਈ ਵਿੱਚ ਆਮ ਤੌਰ 'ਤੇ ਓਵਰਟਾਈਮ ਘੰਟਿਆਂ ਲਈ ਕੀਤੇ ਭੁਗਤਾਨ ਸ਼ਾਮਲ ਨਹੀਂ ਹੁੰਦੇ ਹਨ।

ਤੁਸੀਂ ਆਪਣੀ ਸੁਪਰ ਬੱਚਤ ਵਿੱਚ ਆਪਣੇ ਵਲੋਂ ਵੀ ਪੈਸੇ ਪਾ ਸਕਦੇ ਹੋ, ਅਤੇ ਕਈ ਵਾਰ ਆਸਟ੍ਰੇਲੀਆਈ ਸਰਕਾਰ ਪੈਸੇ ਵੀ ਪਾ ਦਿੰਦੀ ਹੈ

ਜੇ ਮੇਰਾ ਰੁਜ਼ਗਾਰਦਾਤਾ ਸੁਪਰ ਵਿੱਚ ਸਹੀ ਰਕਮ ਦਾ ਭੁਗਤਾਨ ਨਹੀਂ ਕਰ ਰਿਹਾ ਹੈ ਤਾਂ ਕੀ ਹੋਵੇਗਾ?

ਆਪਣੇ ਰੁਜ਼ਗਾਰਦਾਤਾ ਨਾਲ ਗੱਲ ਕਰੋ। ਉਹਨਾਂ ਨੂੰ ਪੁੱਛੋ:

  • ਉਹ ਤੁਹਾਡੇ ਸੁਪਰ ਦਾ ਭੁਗਤਾਨ ਕਿੰਨ੍ਹੇ-ਕਿੰਨ੍ਹੇ ਚਿਰ ਬਾਅਦ ਕਰ ਰਹੇ ਹਨ
  • ਉਹ ਇਸਨੂੰ ਕਿਸ ਫ਼ੰਡ ਵਿੱਚ ਅਦਾ ਕਰ ਰਹੇ ਹਨ
  • ਉਹ ਕਿੰਨਾ ਭੁਗਤਾਨ ਕਰ ਰਹੇ ਹਨ।

ਤੁਸੀਂ ਇਹ ਪਤਾ ਕਰਨ ਲਈ ਸੁਪਰ ਦਾ ਅੰਦਾਜ਼ਾ ਲਗਾਉਣ ਵਾਲੇ ਟੂਲ ਦੀ ਵਰਤੋਂ ਵੀ ਕਰ ਸਕਦੇ ਹੋ ਕੀ:

  • ਤੁਸੀਂ ਸੁਪਰ ਗਾਰੰਟੀ ਯੋਗਦਾਨਾਂ ਲਈ ਯੋਗ ਹੋ
  • ਤੁਹਾਡਾ ਰੁਜ਼ਗਾਰਦਾਤਾ ਸਹੀ ਰਕਮ ਦਾ ਭੁਗਤਾਨ ਕਰ ਰਿਹਾ ਹੈ।

ਆਪਣੇ ਸੁਪਰ ਫ਼ੰਡ ਤੋਂ ਆਪਣੀ ਆਖਰੀ ਮੈਂਬਰ ਸਟੇਟਮੈਂਟ ਲੈ ਕੇ ਜਾਂਚ ਕਰੋ ਜਾਂ ਇਹ ਪੁਸ਼ਟੀ ਕਰਨ ਲਈ ਕਿ ਤੁਹਾਡੇ ਮਾਲਕ ਨੇ ਤੁਹਾਡੇ ਸੁਪਰ ਦਾ ਭੁਗਤਾਨ ਕੀਤਾ ਹੈ, ਫ਼ੰਡ ਨਾਲ ਸੰਪਰਕ ਕਰੋ।

ਜੇਕਰ ਤੁਹਾਨੂੰ ਅਜੇ ਵੀ ਲੱਗਦਾ ਹੈ ਕਿ ਤੁਹਾਡਾ ਮਾਲਕ ਉਸ ਸੁਪਰ ਦਾ ਭੁਗਤਾਨ ਨਹੀਂ ਕਰ ਰਿਹਾ ਹੈ ਜਿਸ ਦੇ ਤੁਸੀਂ ਹੱਕਦਾਰ ਹੋ, ਤਾਂ ਤੁਸੀਂ ਸਾਨੂੰ 13 10 20 'ਤੇ ਫ਼ੋਨ ਕਰ ਸਕਦੇ ਹੋ।

ਕੀ ਮੈਨੂੰ ਸੁਪਰ ਜਲਦੀ ਲੈ ਕੇ ਦੇਣ ਦੀ ਪੇਸ਼ਕਸ਼ ਕਰਨ ਵਾਲੇ ਪ੍ਰਮੋਟਰਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ?

ਤੁਹਾਡੇ ਰਿਟਾਇਰ ਹੋਣ ਤੋਂ ਪਹਿਲਾਂ ਤੁਹਾਡੀ ਸੁਪਰ ਬੱਚਤ ਲੈ ਕੇ ਦੇਣ ਲਈ ਵੱਖ-ਵੱਖ ਯੋਜਨਾਵਾਂ ਦੀ ਪੇਸ਼ਕਸ਼ ਕਰਨ ਵਾਲੇ ਪ੍ਰਮੋਟਰਾਂ ਤੋਂ ਸਾਵਧਾਨ ਰਹੋ। ਇਹਨਾਂ ਯੋਜਨਾਵਾਂ ਦੇ ਪ੍ਰਮੋਟਰ ਤੁਹਾਨੂੰ ਦੱਸਣਗੇ ਕਿ ਉਹ ਕਰਜ਼ੇ ਦੀ ਅਦਾਇਗੀ, ਘਰ ਜਾਂ ਕਾਰ ਖਰੀਦਣ, ਜਾਂ ਛੁੱਟੀਆਂ ਮਨਾਉਣ ਵਰਗੇ ਕਾਰਨਾਂ ਲਈ ਤੁਹਾਡੀ ਸੁਪਰ ਬਚਤ ਕਢਵਾਉਣ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ। ਇਹ ਸਕੀਮਾਂ ਗੈਰ-ਕਾਨੂੰਨੀ ਹਨ ਅਤੇ ਜੇਕਰ ਤੁਸੀਂ ਹਿੱਸਾ ਲੈਂਦੇ ਹੋ ਤਾਂ ਭਾਰੀ ਜੁਰਮਾਨੇ ਲਾਗੂ ਹੁੰਦੇ ਹਨ।

ਉਦਾਹਰਨ: ਫਿਲ ਜਾਲ ਵਿੱਚ ਫੱਸਣ ਤੋਂ ਬਚੋ

ਮੈਂ ਪਿਛਲੇ ਕਈ ਮਹੀਨਿਆਂ ਤੋਂ ਕਾਰ ਲੈਣ ਲਈ ਬੱਚਤ ਕਰ ਰਿਹਾ ਹਾਂ। ਮੇਰੇ ਕੰਮ 'ਤੇ ਇੱਕ ਸਾਥੀ ਨੇ ਮੈਨੂੰ ਆਪਣੇ ਦੋਸਤ ਬਾਰੇ ਦੱਸਿਆ, ਜੋ ਕਾਰ ਲੈਣ ਲਈ ਭੁਗਤਾਨ ਕਰਨ ਵਿੱਚ ਮੱਦਦ ਕਰਨ ਲਈ ਮੇਰੇ ਕੁੱਝ ਸੁਪਰ ਦੇ ਪੈਸੇ ਕਢਵਾਉਣ ਵਿੱਚ ਮੱਦਦ ਕਰ ਸਕਦਾ ਹੈ।

ਖੁਸ਼ਕਿਸਮਤੀ ਨਾਲ, ਮੈਂ ATO ਵੈੱਬਸਾਈਟ ਦੇਖ ਲਈ ਅਤੇ ਪਤਾ ਲੱਗਾ ਕਿ ਇਹ ਗੈਰ-ਕਾਨੂੰਨੀ ਸੀ। ਜੋ ਪੈਸਾ ਮੈਂ ਕੱਢਿਆ ਹੁੰਦਾ, ਤਾਂ ਉਸ 'ਤੇ 45% ਟੈਕਸ ਲੱਗ ਜਾਂਦਾ। ਇਸਤੋਂ ਇਲਾਵਾ ਮੈਨੂੰ ਇਸ ਲਈ ਜੁਰਮਾਨੇ ਅਤੇ ਸੰਭਾਵਿਤ ਰੂਪ ਵਿੱਚ ਜੇਲ ਵੀ ਜਾਣਾ ਪੈਂਦਾ - ਇਹ ਇੱਕ ਬਹੁਤ ਮਹਿੰਗੀ ਗਲਤੀ ਹੋਣੀ ਸੀ।

End of example

ਇਹ ਜਾਣਕਾਰੀ ਹੋਰ ਭਾਸ਼ਾਵਾਂ ਵਿੱਚ ਵੀ ਉਪਲਬਧ ਹੈ।

ਮੈਂ ਕੋਈ ਸੁਪਰ ਫੰਡ ਕਿਵੇਂ ਚੁਣਾਂ?

ਬਹੁਤੇ ਲੋਕ ਉਸ ਸੁਪਰ ਫ਼ੰਡ ਦੀ ਚੋਣ ਕਰ ਸਕਦੇ ਹਨ ਜਿਸ ਵਿੱਚ ਉਹ ਆਪਣੇ ਯੋਗਦਾਨ ਦਾ ਭੁਗਤਾਨ ਕੀਤੇ ਜਾਣਾ ਚਾਹੁੰਦੇ ਹਨ। ਜੇਕਰ ਤੁਸੀਂ ਯੋਗ ਹੋ, ਤਾਂ ਤੁਹਾਡੇ ਰੁਜ਼ਗਾਰਦਾਤਾ ਨੂੰ ਤੁਹਾਡੇ ਲਈ ਕੰਮ ਸ਼ੁਰੂ ਕਰਨ ਦੇ 28 ਦਿਨਾਂ ਦੇ ਅੰਦਰ-ਅੰਦਰ ਸੁਪਰੈਨੂਏਸ਼ਨ ਸਟੈਂਡਰਡ ਚੋਣ ਫਾਰਮ ਦੇਣਾ ਚਾਹੀਦਾ ਹੈ, ਤਾਂ ਜੋ ਤੁਸੀਂ ਇਹ ਚੋਣ ਲਿਖਤੀ ਰੂਪ ਵਿੱਚ ਕਰ ਸਕੋ।

1 ਨਵੰਬਰ 2021 ਤੋਂ, ਜੇਕਰ ਤੁਸੀਂ ਕੋਈ ਸੁਪਰ ਫ਼ੰਡ ਨਹੀਂ ਚੁਣਦੇ ਹੋ ਤਾਂ ਤੁਹਾਡੇ ਰੁਜ਼ਗਾਰਦਾਤਾ ਨੂੰ ਫ਼ੰਡ ਦੀ ਚੋਣ ਨਿਯਮਾਂ ਦੀ ਪਾਲਣਾ ਕਰਨ ਲਈ ਇੱਕ ਵਾਧੂ ਕਦਮ ਲੈਣ ਪੈ ਸਕਦਾ ਹੈ। ਜੇਕਰ ਤੁਸੀਂ ਕਿਸੇ ਸੁਪਰ ਫ਼ੰਡ ਨੂੰ ਨਾਮਜ਼ਦ ਨਹੀਂ ਕਰਦੇ ਹੋ ਤਾਂ ਉਹਨਾਂ ਨੂੰ ਸਾਡੇ ਤੋਂ ਸਟੈਪਲਡ ਸੁਪਰ ਫ਼ੰਡ ਦੇ ਵੇਰਵੇ ਲੈਣ ਦੀ ਬੇਨਤੀ ਕਰਨ ਦੀ ਲੋੜ ਹੋ ਸਕਦੀ ਹੈ।

ਸਟੈਪਲਡ ਸੁਪਰ ਫ਼ੰਡ ਇੱਕ ਮੌਜੂਦਾ ਸੁਪਰ ਖਾਤਾ ਹੁੰਦਾ ਹੈ ਜੋ ਕਿਸੇ ਵਿਅਕਤੀਗਤ ਕਰਮਚਾਰੀ ਨਾਲ ਜੁੜਿਆ ਹੁੰਦਾ ਹੈ, ਜਾਂ 'ਸਟੈਪਲਡ' ਹੁੰਦਾ ਹੈ ਤਾਂ ਜੋ ਉਹ ਉਨ੍ਹਾਂ ਦੁਆਰਾ ਨੌਕਰੀਆਂ ਬਦਲਣ 'ਤੇ ਵੀ ਉਨ੍ਹਾਂ ਦੇ ਨਾਲ-ਨਾਲ ਰਹੇ।

ਅਸੀਂ ਤੁਹਾਨੂੰ ਸੂਚਿਤ ਕਰਾਂਗੇ ਜੇਕਰ ਤੁਹਾਡਾ ਰੁਜ਼ਗਾਰਦਾਤਾ ਸਟੈਪਲਡ ਸੁਪਰ ਫ਼ੰਡ ਦੀ ਜਾਣਕਾਰੀ ਲੈਣ ਦੀ ਬੇਨਤੀ ਕਰਦਾ ਹੈ ਅਤੇ ਸਾਡੇ ਦੁਆਰਾ ਕਿਹੜੇ ਫ਼ੰਡ ਵੇਰਵੇ ਪ੍ਰਦਾਨ ਕੀਤੇ ਗਏ ਹਨ।

ਸਾਰੇ ਰੁਜ਼ਗਾਰਦਾਤਾਵਾਂ ਕੋਲ ਨਾਮਜ਼ਦ ਸੁਪਰ ਫ਼ੰਡ, ਜਾਂ 'ਡਿਫਾਲਟ ਫ਼ੰਡ' ਹੁੰਦਾ ਹੈ, ਜਿੱਥੇ ਉਹ ਆਪਣੇ ਉਨ੍ਹਾਂ ਕਰਮਚਾਰੀਆਂ ਲਈ ਸੁਪਰ ਗਾਰੰਟੀ ਦਾ ਭੁਗਤਾਨ ਕਰਦੇ ਹਨ ਜਿਨ੍ਹਾਂ ਨੇ ਕੋਈ ਤਰਜੀਹੀ ਫ਼ੰਡ ਨਹੀਂ ਚੁਣਿਆ ਹੈ ਅਤੇ ਜਿਨ੍ਹਾਂ ਕੋਲ ਸਟੈਪਲਡ ਸੁਪਰ ਫ਼ੰਡ ਨਹੀਂ ਹੈ।

ਜੇਕਰ ਤੁਸੀਂ ਆਪਣੇ ਯੋਗਦਾਨਾਂ ਦਾ ਭੁਗਤਾਨ ਕਿਸੇ ਪਹਿਲਾਂ ਤੋਂ ਮੌਜੂਦਾ ਸੁਪਰ ਖਾਤੇ ਵਿੱਚ ਕਰਵਾਉਣਾ ਚਾਹੁੰਦੇ ਹੋ ਪਰ ਤੁਹਾਨੂੰ ਆਪਣੇ ਸੁਪਰ ਫ਼ੰਡ ਖਾਤੇ ਦੇ ਵੇਰਵੇ ਯਾਦ ਨਹੀਂ ਹਨ, ਤਾਂ ਤੁਸੀਂ ਆਪਣੇ ਸਾਰੇ ਸੁਪਰ ਖਾਤੇ ਨੂੰ ਦੇਖਣ ਲਈ myGov ਦੀ ਵਰਤੋਂ ਕਰ ਸਕਦੇ ਹੋ।

YourSuper comparison tool ਤੁਹਾਨੂੰ MySuper ਉਤਪਾਦਾਂ ਦੀ ਤੁਲਨਾ ਕਰਨ ਅਤੇ ਕੋਈ ਅਜਿਹਾ ਸੁਪਰ ਫ਼ੰਡ ਚੁਣਨ ਵਿੱਚ ਮੱਦਦ ਕਰੇਗਾ ਜੋ ਤੁਹਾਡੀਆਂ ਲੋੜਾਂ ਨੂੰ ਪੂਰਾ ਕਰਦਾ ਹੈ।

ਆਪਣੇ ਸੁਪਰ ਨਾਲ ਜੁੜਨਾ ਕਦੇ ਵੀ ਬਹੁਤ ਜਲਦੀ ਨਹੀਂ ਹੁੰਦਾ। ਆਪਣਾ ਖੁਦ ਦਾ ਸੁਪਰ ਫ਼ੰਡ ਚੁਣੋ ਅਤੇ ਬਾਕਾਇਦਾ ਉਸ ਵਿੱਚ ਸਮੂਲੀਅਤ ਕਰੋ ਕਿਉਂਕਿ ਜਿਹੜੀਆਂ ਚੋਣਾਂ ਤੁਸੀਂ ਅੱਜ ਕਰਦੇ ਹੋ ਉਹ ਭਵਿੱਖ ਵਿੱਚ ਤੁਹਾਡੇ ਲਈ ਜੀਵਨ ਸ਼ੈਲੀ ਦੇ ਵਿਕਲਪਾਂ ਨੂੰ ਆਕਾਰ ਦੇਣ ਵਿੱਚ ਮੱਦਦ ਕਰਨਗੀਆਂ।

ਮੈਂ ਆਪਣੇ ਸੁਪਰ ਵਿਚਲੇ ਪੈਸੇ ਦਾ ਹਿਸਾਬ ਕਿਵੇਂ ਰੱਖਾਂ?

ਇਹ ਯਕੀਨੀ ਬਣਾਕੇ ਕਿ ਤੁਹਾਡੇ ਸੁਪਰ ਫ਼ੰਡ ਵਿੱਚ ਤੁਹਾਡਾ ਟੈਕਸ ਫ਼ਾਈਲ ਨੰਬਰ (TFN) ਮੌਜ਼ੂਦ ਹੈ, ਜੋ ਤੁਹਾਡੇ ਸੁਪਰ ਦਾ ਟ੍ਰੈਕ ਰੱਖਣਾ, ਇਸਨੂੰ ਖਾਤਿਆਂ ਵਿੱਚ ਤਬਦੀਲ ਕਰਨਾ, ਅਤੇ ਤੁਹਾਡੇ ਰੁਜ਼ਗਾਰਦਾਤਾ ਜਾਂ ਸਰਕਾਰ ਤੋਂ ਸੁਪਰ ਭੁਗਤਾਨ ਪ੍ਰਾਪਤ ਕਰਨਾ ਆਸਾਨ ਬਣਾ ਦੇਵੇਗਾ।

ਜਿਹੜੀਆਂ ਸਟੇਟਮੈਂਟਾਂ ਉਹ ਤੁਹਾਨੂੰ ਭੇਜਦੇ ਹਨ ਤੁਸੀਂ ਉਹਨਾਂ ਨੂੰ ਦੇਖ ਕੇ ਇਹ ਪਤਾ ਕਰ ਸਕਦੇ ਹੋ ਕਿ ਤੁਹਾਡੇ ਫ਼ੰਡ ਕੋਲ ਤੁਹਾਡਾ TFN ਹੈ ਜਾਂ ਨਹੀਂ।

myGov ਦੀ ਵਰਤੋਂ ਕਰਕੇ ਆਪਣੇ ਸੁਪਰ ਦਾ ਧਿਆਨ ਰੱਖੋ

ਤੁਸੀਂ ਇੱਕ myGov ਖਾਤਾ ਬਣਾ ਸਕਦੇ ਹੋ ਅਤੇ ATO ਨੂੰ ਇਸ ਨਾਲ ਲਿੰਕ ਕਰ ਸਕਦੇ ਹੋ ਤਾਂ ਜੋ ਤੁਸੀਂ:

  • ਆਪਣੇ ਸਾਰੇ ਸੁਪਰ ਖਾਤਿਆਂ ਦੇ ਵੇਰਵੇ ਦੇਖ ਸਕਦੇ ਹੋ, ਜਿਸ ਵਿੱਚ ਉਹ ਵੀ ਸ਼ਾਮਲ ਹਨ ਜਿਨ੍ਹਾਂ ਬਾਰੇ ਤੁਸੀਂ ਟ੍ਰੈਕ ਗੁਆ ਚੁੱਕੇ ਹੋ ਜਾਂ ਭੁੱਲ ਗਏ ਹੋ
  • ਕਾਰਗੁਜ਼ਾਰੀ ਦੀ ਤੁਲਨਾ ਕਰਨ ਲਈ YourSuper comparison tool ਦੀ ਵਰਤੋਂ ਕਰ ਸਕੋ ਅਤੇ ਹੋਰ MySuper ਉਤਪਾਦਾਂ ਪ੍ਰਤੀ ਤੁਹਾਡੇ ਆਪਣੇ ਸੁਪਰ ਖਾਤਿਆਂ ਦੀਆਂ ਫ਼ੀਸਾਂ ਦੇਖ ਸਕੋ
  • ATO ਦੁਆਰਾ ਰੱਖਿਆ ਗਿਆ ਸੁਪਰ ਲੱਭ ਸਕੋ। ਜੇਕਰ ਸਰਕਾਰ, ਤੁਹਾਡਾ ਸੁਪਰ ਫ਼ੰਡ ਜਾਂ ਤੁਹਾਡਾ ਰੁਜ਼ਗਾਰਦਾਤਾ ਤੁਹਾਡੇ ਸੁਪਰ ਨੂੰ ਪਾਉਣ ਲਈ ਕੋਈ ਖਾਤਾ ਨਹੀਂ ਲੱਭ ਪਾਉਂਦੇ, ਤਾਂ ਅਸੀਂ ਇਸਨੂੰ ਤੁਹਾਡੀ ਤਰਫੋਂ ਰੋਕ ਲੈਂਦੇ ਹਾਂ
  • ਆਪਣੇ ਸੁਪਰ ਨੂੰ ਆਪਣੇ ਪਸੰਦੀਦਾ ਸੁਪਰ ਖਾਤੇ ਵਿੱਚ ਟ੍ਰਾਂਸਫਰ ਕਰਕੇ ਕਈ ਸੁਪਰ ਖਾਤਿਆਂ ਨੂੰ ਇੱਕ ਵਿੱਚ ਇਕੱਠਾ ਕਰੋ - ਜੇਕਰ ਇਹ ਫ਼ੰਡ-ਤੋਂ-ਫ਼ੰਡ ਟ੍ਰਾਂਸਫਰ ਹੈ, ਤਾਂ ਇਸ 'ਤੇ ਆਮ ਤੌਰ 'ਤੇ ਤਿੰਨ ਕੰਮਕਾਜੀ ਦਿਨਾਂ ਦੇ ਅੰਦਰ ਕਾਰਵਾਈ ਕੀਤੀ ਜਾਵੇਗੀ।

ਅਗਲੇ ਪੜਾਅ:

ਮੈਂ ਆਪਣਾ ਸੁਪਰ ਕਿਵੇਂ ਵਧਾਵਾਂ?

ਤੁਹਾਡੇ ਰੁਜ਼ਗਾਰਦਾਤਾ ਵਲੋਂ ਪਾਏ ਜਾਂਦੇ ਯੋਗਦਾਨਾਂ ਦੇ ਨਾਲ-ਨਾਲ, ਤੁਸੀਂ ਆਪਣੇ ਖੁਦ ਦੇ ਯੋਗਦਾਨ ਪਾ ਕੇ ਆਪਣੇ ਸੁਪਰ ਵਿੱਚ ਵਾਧਾ ਕਰ ਸਕਦੇ ਹੋ। ਤੁਸੀਂ ਆਪਣੀ ਟੈਕਸ ਤੋਂ ਪਹਿਲਾਂ ਦੀ ਆਮਦਨ ਵਿੱਚੋਂ ਸੁਪਰ ਲਈ 'ਸੈਲਰੀ ਸੈਕਰੀਫਾਇਜ਼' ਕਰਨ ਦੇ ਯੋਗ ਹੋ ਸਕਦੇ ਹੋ ਜਾਂ ਆਪਣੀ ਟੈਕਸ ਤੋਂ ਬਾਅਦ ਦੀ ਆਮਦਨ ਵਿੱਚੋਂ ਸੁਪਰ ਵਿੱਚ ਯੋਗਦਾਨ ਪਾ ਸਕਦੇ ਹੋ।

ਉਸ ਰਕਮ 'ਤੇ 'ਕੈਪਸ (ਵੱਧ ਤੋਂ ਵੱਧ ਹੱਦ)' ਨਾਮਕ ਸੀਮਾਵਾਂ ਲਾਗੂ ਹਨ ਜੋ ਤੁਸੀਂ ਵਾਧੂ ਟੈਕਸ ਦਾ ਭੁਗਤਾਨ ਕੀਤੇ ਬਿਨਾਂ ਹਰ ਵਿੱਤੀ ਵਰ੍ਹੇ ਆਪਣੇ ਸੁਪਰ ਵਿੱਚ ਯੋਗਦਾਨ ਵਜੋਂ ਪਾ ਸਕਦੇ ਹੋ । ਜੇਕਰ ਤੁਸੀਂ ਇਹਨਾਂ ਕੈਪਸ ਤੋਂ ਵੱਧ ਯੋਗਦਾਨ ਪਾਉਂਦੇ ਹੋ, ਤਾਂ ਤੁਹਾਨੂੰ ਵਾਧੂ ਟੈਕਸ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਆਪਣੇ ਸੁਪਰ (ਰੁਜ਼ਗਾਰਦਾਤਾ ਦੇ ਯੋਗਦਾਨਾਂ ਸਮੇਤ) ਵਿੱਚ $27,500 ਤੋਂ ਵੱਧ ਦਾ ਯੋਗਦਾਨ ਪਾਉਣ ਦੀ ਸੋਚ ਰਹੇ ਹੋ, ਤਾਂ ਕਿਸੇ ਯੋਗਤਾ ਪ੍ਰਾਪਤ ਪੇਸ਼ੇਵਰ ਤੋਂ ਸਲਾਹ ਲਓ।

ਸਰਕਾਰ ਵਲੋਂ ਸੁਪਰ ਯੋਗਦਾਨ

ਜੇਕਰ ਤੁਸੀਂ ਘੱਟ-ਆਮਦਨੀ ਜਾਂ ਦਰਮਿਆਨੀ-ਆਮਦਨੀ ਕਮਾਉਣ ਵਾਲੇ ਹੋ, ਤਾਂ ਤੁਸੀਂ ਆਸਟ੍ਰੇਲੀਅਨ ਸਰਕਾਰ ਤੋਂ ਸੁਪਰ ਯੋਗਦਾਨ ਲਈ ਯੋਗ ਹੋ ਸਕਦੇ ਹੋ।

ਆਪਣੀ ਟੈਕਸ ਰਿਟਰਨ ਭਰੋ ਤਾਂ ਜੋ ਅਸੀਂ ਦੇਖ ਸਕੀਏ ਕਿ ਕੀ ਤੁਸੀਂ 500 ਡਾਲਰ ਤੱਕ ਦੇ ਸੁਪਰ ਸਹਿ-ਯੋਗਦਾਨ ਭੁਗਤਾਨ ਲਈ ਯੋਗ ਹੋ। ਇਹ ਮਹੱਤਵਪੂਰਨ ਹੈ ਕਿ ਤੁਸੀਂ ਰਿਟਰਨ ਭਰੋ ਭਾਵੇਂ ਤੁਹਾਨੂੰ ਇਹ ਨਹੀਂ ਵੀ ਲੱਗਦਾ ਹੈ ਕਿ ਤੁਹਾਨੂੰ ਰਿਫ਼ੰਡ ਮਿਲੇਗਾ। ਤੁਹਾਨੂੰ ਸੁਪਰ ਸਹਿ-ਯੋਗਦਾਨ ਲੈਣ ਲਈ ਅਰਜ਼ੀ ਦੇਣ ਦੀ ਲੋੜ ਨਹੀਂ ਹੈ।

ਮੈਂ ਆਪਣੇ ਸੁਪਰ ਲਾਭਾਂ ਨੂੰ ਕਿਵੇਂ ਲੈ ਸਕਦਾ ਹਾਂ?

ਆਮ ਤੌਰ 'ਤੇ, ਜਦੋਂ ਤੁਸੀਂ ਰਿਟਾਇਰ ਹੁੰਦੇ ਹੋ ਤਾਂ ਤੁਸੀਂ ਆਪਣੇ ਸੁਪਰ ਦੇ ਪੈਸੇ ਨੂੰ ਕਢਵਾ ਸਕਦੇ ਹੁੰਦੇ ਹੋ। ਹਾਲਾਂਕਿ, ਕੁੱਝ ਅਜਿਹੇ ਹਾਲਾਤ ਹਨ ਜਿੰਨ੍ਹਾਂ ਕਾਰਨ ਤੁਸੀਂ ਆਪਣੀ ਸੁਪਰ ਬੱਚਤ ਤੱਕ ਛੇਤੀ ਲੈ ਸਕਦੇ ਹੋ, ਜਿਵੇਂ ਕਿ ਗੰਭੀਰ ਵਿੱਤੀ ਤੰਗੀ ਅਤੇ ਵਿਸ਼ੇਸ਼ ਡਾਕਟਰੀ ਸਮੱਸਿਆਵਾਂ।

ਜੇਕਰ ਤੁਹਾਨੂੰ ਕਾਨੂੰਨੀ ਤੌਰ 'ਤੇ ਆਪਣੇ ਸੁਰੱਖਿਅਤ ਸੁਪਰ ਵਿੱਚੋਂ ਕੁੱਝ ਦੀ ਪਹਿਲਾਂ ਲੋੜ ਹੈ, ਤਾਂ ਅਰਜ਼ੀ ਦੇਣ ਤੋਂ ਪਹਿਲਾਂ ਆਪਣੇ ਸੁਪਰ ਫ਼ੰਡ ਨੂੰ ਇਸ ਬਾਰੇ ਪੁੱਛੋ ਕਿ ਕੀ ਤੁਸੀਂ ਇਸ ਨੂੰ ਕਢਵਾ ਸਕਦੇ ਹੋ ਜਾਂ ਨਹੀਂ।

ਅਸਥਾਈ ਨਿਵਾਸੀ ਜੋ ਆਸਟ੍ਰੇਲੀਆ ਛੱਡਕੇ ਜਾ ਰਹੇ ਹਨ

ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਕੰਮ ਕਰ ਰਹੇ ਕੋਈ ਅਸਥਾਈ ਨਿਵਾਸੀ ਹੋ ਅਤੇ ਤੁਸੀਂ ਸੁਪਰ ਲਈ ਯੋਗ ਹੋ, ਤਾਂ ਤੁਹਾਡੇ ਰੁਜ਼ਗਾਰਦਾਤਾ ਨੂੰ ਤੁਹਾਡੇ ਲਈ ਸੁਪਰ ਗਾਰੰਟੀ ਯੋਗਦਾਨ ਦੇਣਾ ਪਵੇਗਾ। ਇੱਕ ਵਾਰ ਜਦੋਂ ਤੁਸੀਂ ਆਸਟ੍ਰੇਲੀਆ ਛੱਡ ਦਿੰਦੇ ਹੋ ਤਾਂ ਤੁਹਾਨੂੰ ਤੁਹਾਡੇ ਸੁਪਰ ਪੈਸੇ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਇਸ ਭੁਗਤਾਨ ਨੂੰ Departing Australia super payment (DASP) ਕਿਹਾ ਜਾਂਦਾ ਹੈ।

ਨਿਊਜ਼ੀਲੈਂਡ ਦੇ ਨਾਗਰਿਕ ਅਤੇ ਆਸਟ੍ਰੇਲੀਆ ਦੇ ਸਥਾਈ ਨਿਵਾਸੀ ਇਸ ਭੁਗਤਾਨ ਲਈ ਯੋਗ ਨਹੀਂ ਹਨ।

ਇਹ ਦੇਖਣ ਲਈ ਕਿ ਕੀ ਤੁਸੀਂ ਯੋਗ ਹੋ, ਅਤੇ DASP ਲਈ ਔਨਲਾਈਨ ਅਰਜ਼ੀ ਦੇਣ ਲਈ ਜਾਂ ਕਾਗਜ਼ੀ ਅਰਜ਼ੀ ਫਾਰਮ ਨੂੰ ਡਾਊਨਲੋਡ ਕਰਕੇ, ਅਸਥਾਈ ਨਿਵਾਸੀ ਅਤੇ ਸੁਪਰ 'ਤੇ ਜਾਓ। ।

ਵਿਦੇਸ਼ਾਂ ਤੋਂ ਸੁਪਰ ਪੈਸਾ

ਜੇਕਰ ਤੁਸੀਂ ਵਿਦੇਸ਼ਾਂ ਤੋਂ ਆਪਣਾ ਪੈਸਾ ਜਾਂ ਪੈਨਸ਼ਨ ਫੰਡ ਲਿਆ ਰਹੇ ਹੋ, ਤਾਂ ਇਸ 'ਤੇ ਟੈਕਸ ਬਾਰੇ ਵਿਸ਼ੇਸ਼ ਨਿਯਮ ਲਾਗੂ ਹੋ ਸਕਦੇ ਹਨ ਜਿਨ੍ਹਾਂ ਬਾਰੇ ਤੁਹਾਨੂੰ ਜਾਣਨ ਦੀ ਲੋੜ ਹੈ। ਆਪਣੇ ਵਿੱਤੀ ਸਲਾਹਕਾਰ ਜਾਂ ਮਾਈਗ੍ਰੇਸ਼ਨ ਏਜੰਟ ਨਾਲ ਗੱਲ ਕਰੋ।

ਹੋਰ ਜਾਣਕਾਰੀ

ਜੇਕਰ ਤੁਸੀਂ ਸੁਪਰ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ato.gov.au/individuals/super 'ਤੇ ਜਾਓ ਜਾਂ ਸਾਨੂੰ 13 10 20 'ਤੇ ਫ਼ੋਨ ਕਰੋ।

ਜੇਕਰ ਤੁਸੀਂ ਅੰਗਰੇਜ਼ੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਬੋਲਦੇ ਹੋ ਅਤੇ ਕਿਸੇ ਟੈਕਸ ਅਧਿਕਾਰੀ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਆਪਣੀ ਕਾਲ ਵਿੱਚ ਮੱਦਦ ਕਰਨ ਲਈ 13 14 50 'ਤੇ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ ਫ਼ੋਨ ਕਰੋ।

QC62051