ਸੁਪਰਐਨੂਏਸ਼ਨ ਕੀ ਹੈ?
ਸੁਪਰਐਨੂਏਸ਼ਨ, ਜਾਂ 'ਸੁਪਰ', ਤੁਹਾਡੇ ਕੰਮਕਾਜੀ ਜੀਵਨ ਦੌਰਾਨ ਬਚਾਏ ਹੋਏ ਪੈਸੇ ਹਨ, ਜੋ ਤੁਹਾਡੀ ਜ਼ਿੰਦਗੀ ਜਿਉਣ ਦੇ ਕੰਮ ਆਉਣਗੇ, ਜਦੋਂ ਤੁਸੀਂ ਕੰਮ ਤੋਂ ਰਿਟਾਇਰ ਹੋ ਜਾਂਦੇ ਹੋ।
ਸੁਪਰ ਤੁਹਾਡੇ ਲਈ ਮਹੱਤਵਪੂਰਨ ਹੈ, ਕਿਉਂਕਿ ਜਿੰਨ੍ਹੀ ਜ਼ਿਆਦਾ ਤੁਸੀਂ ਬੱਚਤ ਕਰੋਗੇ, ਓਨਾ ਹੀ ਤੁਹਾਡੇ ਕੋਲ ਆਪਣੀ ਰਿਟਾਇਰਮੈਂਟ ਲਈ ਵਧੇਰੇ ਪੈਸਾ ਹੋਵੇਗਾ।
ਤੁਸੀਂ ਆਪਣੀ ਸੁਪਰ ਦੇ ਪੈਸਿਆਂ ਨੂੰ ਕੇਵਲ ਕੁਝ ਵਿਸ਼ੇਸ਼ ਹਾਲਾਤਾਂ ਵਿੱਚ ਹੀ ਕਢਵਾ ਸਕਦੇ ਹੋ – ਉਦਾਹਰਨ ਲਈ, ਜਦੋਂ ਤੁਸੀਂ 60 ਦੀ ਉਮਰ 'ਤੇ ਪਹੁੰਚਣ ਤੋਂ ਬਾਅਦ ਰਿਟਾਇਰ ਹੋ ਜਾਂਦੇ ਹੋ, ਜਾਂ ਜਦੋਂ ਤੁਸੀਂ 65 ਦੇ ਹੋ ਜਾਂਦੇ ਹੋ, ਭਾਂਵੇਂ ਤੁਸੀਂ ਅਜੇ ਵੀ ਕੰਮ ਕਰ ਰਹੇ ਹੋ।
ਮੈਂ ਸੁਪਰ ਕਿਵੇਂ ਬਚਾਅ ਸਕਦਾ ਹਾਂ?
ਜ਼ਿਆਦਾਤਰ ਲੋਕਾਂ ਵਾਸਤੇ, ਤੁਹਾਡਾ ਰੁਜ਼ਗਾਰਦਾਤਾ ਤੁਹਾਡੇ ਵਾਸਤੇ ਤੁਹਾਡੇ ਸੁਪਰ ਖਾਤੇ ਵਿੱਚ ਘੱਟੋ-ਘੱਟ ਪੈਸਿਆਂ – 'ਯੋਗਦਾਨ' – ਦਾ ਭੁਗਤਾਨ ਕਰਦਾ ਹੈ। ਇਸ ਨੂੰ 'ਸੁਪਰ ਗਾਰੰਟੀ' ਕਿਹਾ ਜਾਂਦਾ ਹੈ। ਉਹ ਇਸ ਯੋਗਦਾਨ ਨੂੰ ਤੁਹਾਡੀ ਤਨਖਾਹ ਦੇ ਉਪਰੋਂ ਦੀ ਅਦਾ ਕਰਦੇ ਹਨ।
ਇਸ ਬਾਰੇ ਕਾਨੂੰਨ ਹਨ ਕਿ ਤੁਹਾਡੇ ਰੁਜ਼ਗਾਰਦਾਤੇ ਨੂੰ ਕਿੰਨ੍ਹੀ ਕੁ ਸੁਪਰ ਦਾ ਭੁਗਤਾਨ ਕਰਨਾ ਚਾਹੀਦਾ ਹੈ। ਤੁਹਾਡੇ ਰੁਜ਼ਗਾਰਦਾਤਾ ਨੂੰ ਐਂਟਰਪ੍ਰਾਈਜ਼ ਇਕਰਾਰਨਾਮੇ ਜਾਂ ਅਵਾਰਡ ਦੇ ਅਧੀਨ ਤੁਹਾਡੇ ਵਾਸਤੇ ਵਾਧੂ ਸੁਪਰ ਦਾ ਭੁਗਤਾਨ ਵੀ ਕਰਨਾ ਪੈ ਸਕਦਾ ਹੈ।
ਤੁਹਾਡਾ ਰੁਜ਼ਗਾਰਦਾਤਾ ਤੁਹਾਡੇ ਸੁਪਰ ਵਿੱਚ ਫਿਰ ਵੀ ਯੋਗਦਾਨ ਪਾਉਂਦਾ ਹੈ, ਭਾਂਵੇਂ ਤੁਹਾਨੂੰ ਕਿੰਨੀ ਵੀ ਤਨਖਾਹ ਮਿਲਦੀ ਹੋਵੇ।
ਇਹ ਲਾਗੂ ਹੁੰਦਾ ਹੈ ਭਾਂਵੇਂ ਤੁਸੀਂ ਕੈਜ਼ੂਅਲ, ਪਾਰਟ-ਟਾਈਮ ਜਾਂ ਪੂਰੇ ਸਮੇਂ ਲਈ ਕੰਮ ਕਰਦੇ ਹੋ, ਅਤੇ ਜੇ ਤੁਸੀਂ ਅਸਥਾਈ ਵਸਨੀਕ ਹੋ। ਤੁਸੀਂ ਤਾਂ ਵੀ ਯੋਗ ਹੋ ਸਕਦੇ ਹੋ ਜੇ ਤੁਸੀਂ ਕੋਈ ਠੇਕੇਦਾਰ ਹੋ, ਜਿਸ ਨੂੰ ਮੁੱਖ ਤੌਰ 'ਤੇ ਮਜ਼ਦੂਰੀ ਵਾਸਤੇ ਤਨਖਾਹ ਦਿੱਤੀ ਜਾਂਦੀ ਹੈ, ਭਾਂਵੇਂ ਤੁਹਾਡੇ ਕੋਲ ਆਸਟ੍ਰੇਲੀਆਈ ਦਾ ਕਾਰੋਬਾਰੀ ਨੰਬਰ (ABN) ਵੀ ਹੋਵੇ। ਜੇ ਤੁਸੀਂ 18 ਤੋਂ ਘੱਟ ਉਮਰ ਦੇ ਹੋ, ਤਾਂ ਯੋਗ ਹੋਣ ਲਈ ਤੁਹਾਨੂੰ ਇੱਕ ਹਫ਼ਤੇ ਵਿੱਚ 30 ਘੰਟਿਆਂ ਤੋਂ ਵਧੇਰੇ ਕੰਮ ਕਰਨ ਦੀ ਲੋੜ ਹੈ।
ਮੇਰੀ ਸੁਪਰ ਵਿੱਚ ਪੈਸਿਆਂ ਦਾ ਭੁਗਤਾਨ ਕਿਵੇਂ ਕੀਤਾ ਜਾਂਦਾ ਹੈ?
ਤੁਹਾਡੇ ਰੁਜ਼ਗਾਰਦਾਤੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਤੁਹਾਡੀਆਂ ਯੋਗਤਾ ਪੂਰੀ ਕਰਨ ਵਾਲੀਆਂ ਕਮਾਈਆਂ (qualifying earnings) ਦੀ ਵਰਤਮਾਨ ਸੁਪਰ ਗਾਰੰਟੀ ਦਰ (ਅੰਗਰੇਜ਼ੀ ਵਿੱਚ) ਦੇ ਆਧਾਰ 'ਤੇ ਘੱਟੋ-ਘੱਟ ਰਕਮ ਦਾ ਭੁਗਤਾਨ ਕਰੇ। ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਪੈਸਾ ਤਨਖਾਹ ਦੇ ਦਿਨ ਤੋਂ ਬਾਅਦ 7 ਕਾਰੋਬਾਰੀ ਦਿਨਾਂ ਦੇ ਅੰਦਰ ਤੁਹਾਡੇ ਸੁਪਰ ਫ਼ੰਡ ਤੱਕ ਪਹੁੰਚਦਾ ਹੈ (ਭਾਵ, ਜਦੋਂ ਯੋਗਤਾ ਪੂਰੀ ਕਰਨ ਵਾਲੀਆਂ ਕਮਾਈਆਂ (qualifying earnings) ਦਾ ਭੁਗਤਾਨ ਕੀਤਾ ਜਾਂਦਾ ਹੈ)।
ਯੋਗਤਾ ਪੂਰੀ ਕਰਨ ਵਾਲੀਆਂ ਕਮਾਈਆਂ (qualifying earnings) ਤੁਹਾਡੀਆਂ ਨਿਯਮਤ ਤਨਖਾਹਾਂ ਅਤੇ ਹੋਰ ਕਮਾਈਆਂ ਹਨ, ਜੋ ਸੁਪਰ ਗਾਰੰਟੀ ਯੋਗਦਾਨਾਂ ਲਈ ਯੋਗਤਾ ਪੂਰੀ ਕਰਦੀਆਂ ਹਨ।
ਤੁਸੀਂ ਆਪਣੀਆਂ ਸੁਪਰ ਬੱਚਤਾਂ ਵਿੱਚ ਆਪਣੇ ਖੁਦ ਦੇ ਪੈਸੇ ਵੀ ਜਮ੍ਹਾਂ ਕਰ ਸਕਦੇ ਹੋ, ਅਤੇ ਕਈ ਵਾਰ ਆਸਟ੍ਰੇਲੀਆ ਦੀ ਸਰਕਾਰ ਵੀ ਪੈਸੇ ਪਾਉਂਦੀ ਹੈ।
ਮੈਂ ਆਪਣੀ ਸੁਪਰ ਦੀ ਬੱਚਤ ਦਾ ਹਿਸਾਬ ਕਿਵੇਂ ਰੱਖਾਂ?
ਇਹ ਯਕੀਨੀ ਬਣਾਉਣਾ ਕਿ ਤੁਹਾਡੇ ਸੁਪਰ ਫ਼ੰਡ ਵਿੱਚ ਤੁਹਾਡਾ ਟੈਕਸ ਫਾਈਲ ਨੰਬਰ (TFN) ਮੌਜੂਦ ਹੈ, ਤੁਹਾਡੀ ਸੁਪਰ 'ਤੇ ਨਜ਼ਰ ਰੱਖਣਾ, ਇਸ ਨੂੰ ਖਾਤਿਆਂ ਵਿਚਕਾਰ ਤਬਦੀਲ ਕਰਨਾ, ਅਤੇ ਤੁਹਾਡੇ ਰੁਜ਼ਗਾਰਦਾਤੇ ਜਾਂ ਸਰਕਾਰ ਤੋਂ ਸੁਪਰ ਭੁਗਤਾਨ ਪ੍ਰਾਪਤ ਕਰਨਾ ਵਧੇਰੇ ਆਸਾਨ ਬਣਾ ਦੇਵੇਗਾ।
ਤੁਸੀਂ ਉਨ੍ਹਾਂ ਵੱਲੋਂ ਤੁਹਾਨੂੰ ਭੇਜੀਆਂ ਗਈਆਂ ਸਟੇਟਮੈਂਟਾਂ ਨੂੰ ਦੇਖ ਕੇ ਜਾਂਚ ਕਰ ਸਕਦੇ ਹੋ ਕਿ ਕੀ ਤੁਹਾਡੇ ਫ਼ੰਡ ਵਿੱਚ ਤੁਹਾਡਾ TFN ਮੌਜੂਦ ਹੈ।
myGov ਦੀ ਵਰਤੋਂ ਕਰਕੇ ਆਪਣੀ ਸੁਪਰ 'ਤੇ ਨਜ਼ਰ ਰੱਖੋ
ਤੁਸੀਂ ਇੱਕ myGov ਖਾਤਾ ਬਣਾ ਸਕਦੇ ਹੋ, ਅਤੇ ATO ਨੂੰ ਇਸ ਨਾਲ ਲਿੰਕ ਕਰ ਸਕਦੇ ਹੋ ਤਾਂ ਜੋ ਤੁਸੀਂ:
- ਤੁਹਾਡੇ ਸਾਰੇ ਸੁਪਰ ਖਾਤਿਆਂ ਦੇ ਵੇਰਵੇ ਵੇਖ ਸਕੋ, ਜਿਸ ਵਿੱਚ ਕੋਈ ਵੀ ਅਜਿਹਾ ਖਾਤਾ ਵੀ ਸ਼ਾਮਲ ਹੈ ਜਿਸ ਬਾਰੇ ਤੁਸੀਂ ਜਾਣਕਾਰੀ ਗੁਆ ਚੁੱਕੇ ਹੋ ਜਾਂ ਭੁੱਲ ਗਏ ਹੋ
- ਹੋਰ MySuper ਉਤਪਾਦਾਂ ਨਾਲ ਤੁਹਾਡੇ ਸੁਪਰ ਖਾਤਿਆਂ ਦੀ ਕਾਰਗੁਜ਼ਾਰੀ ਅਤੇ ਫੀਸਾਂ ਦੀ ਤੁਲਨਾ ਕਰਨ ਲਈ YourSuper ਤੁਲਨਾ ਟੂਲ (ਅੰਗਰੇਜ਼ੀ ਵਿੱਚ) ਦੀ ਵਰਤੋਂ ਕਰੋ
- ATO-ਕੋਲ ਸੰਭਾਲੀ ਹੋਈ ਆਪਣੀ ਸੁਪਰ ਲੱਭੋ। ਜੇ ਸਰਕਾਰ, ਤੁਹਾਡਾ ਸੁਪਰ ਫ਼ੰਡ ਜਾਂ ਤੁਹਾਡਾ ਰੁਜ਼ਗਾਰਦਾਤਾ ਤੁਹਾਡੀ ਸੁਪਰ ਦਾ ਭੁਗਤਾਨ ਕਰਨ ਲਈ ਕੋਈ ਖਾਤਾ ਨਹੀਂ ਲੱਭ ਸਕਦਾ, ਤਾਂ ਅਸੀਂ ਇਸ ਨੂੰ ਤੁਹਾਡੀ ਤਰਫ਼ੋਂ ਸੰਭਾਲ ਕੇ ਰੱਖਦੇ ਹਾਂ
- ਆਪਣੀ ਸੁਪਰ ਨੂੰ ਆਪਣੇ ਪਸੰਦੀਦਾ ਸੁਪਰ ਖਾਤੇ ਵਿੱਚ ਤਬਦੀਲ ਕਰਕੇ ਇੱਕ ਤੋਂ ਜ਼ਿਆਦਾ ਸੁਪਰ ਦੇ ਖਾਤਿਆਂ ਨੂੰ ਇਕੱਠਾ ਕਰੋ – ਜੇ ਇਹ ਇੱਕ ਫ਼ੰਡ ਤੋਂ ਦੂਸਰੇ ਫ਼ੰਡ ਵਿੱਚ ਤਬਦੀਲੀ ਹੈ, ਤਾਂ ਇਸ 'ਤੇ ਆਮ ਤੌਰ 'ਤੇ 3 ਕੰਮਕਾਜੀ ਦਿਨਾਂ ਵਿੱਚ ਕਾਰਵਾਈ ਕੀਤੀ ਜਾਵੇਗੀ।
ਅਗਲੇ ਕਦਮ:
- ਆਪਣਾ myGov ਖਾਤਾExternal Link (ਅੰਗਰੇਜ਼ੀ ਵਿੱਚ) ਬਣਾਓ ਜਾਂ ਸਾਈਨ ਇਨ ਕਰੋ, ਅਤੇ ATO ਨਾਲ ਲਿੰਕ ਕਰੋ
- ਸਾਡੀਆਂ online services (ਅੰਗਰੇਜ਼ੀ ਵਿੱਚ) ਦੀ ਵਰਤੋਂ ਕਰੋ
- ATO app (ਅੰਗਰੇਜ਼ੀ ਵਿੱਚ) ਰਾਹੀਂ myGov ਤੱਕ ਪਹੁੰਚ ਕਰੋ
- ਆਪਣੀ ਸੁਪਰ ਦੀ ਤਰੱਕੀ ਦੀ ਸਮੀਖਿਆ ਕਰਨ ਲਈ ਇਸ ਜਾਂਚ-ਸੂਚੀ (ਅੰਗਰੇਜ਼ੀ ਵਿੱਚ) ਦੀ ਵਰਤੋਂ ਕਰੋ
ਜੇ ਮੇਰਾ ਰੁਜ਼ਗਾਰਦਾਤਾ ਸਹੀ ਸੁਪਰ ਦਾ ਭੁਗਤਾਨ ਨਹੀਂ ਕਰ ਰਿਹਾ ਤਾਂ ਕੀ ਹੋਵੇਗਾ?
ਆਪਣੇ ਰੁਜ਼ਗਾਰਦਾਤਾ ਨਾਲ ਗੱਲ ਕਰੋ। ਉਨ੍ਹਾਂ ਨੂੰ ਪੁੱਛੋ:
- ਉਹ ਕਿੰਨ੍ਹੀ ਕੁ ਵਾਰ ਤੁਹਾਡੇ ਸੁਪਰ ਦਾ ਭੁਗਤਾਨ ਕਰ ਰਹੇ ਹਨ
- ਉਹ ਇਸ ਨੂੰ ਕਿਹੜੇ ਫ਼ੰਡ ਵਿੱਚ ਭੁਗਤਾਨ ਕਰ ਰਹੇ ਹਨ
- ਉਹ ਕਿੰਨਾ ਭੁਗਤਾਨ ਕਰ ਰਹੇ ਹਨ।
ਆਪਣੇ ਸੁਪਰ ਫ਼ੰਡ ਤੋਂ ਆਈ ਆਪਣੀ ਆਖਰੀ ਮੈਂਬਰ ਸਟੇਟਮੈਂਟ ਦੀ ਜਾਂਚ ਕਰੋ, ਜਾਂ ਇਹ ਪੁਸ਼ਟੀ ਕਰਨ ਲਈ ਫ਼ੰਡ ਨਾਲ ਸੰਪਰਕ ਕਰੋ ਕਿ ਕੀ ਤੁਹਾਡੇ ਰੁਜ਼ਗਾਰਦਾਤੇ ਨੇ ਤੁਹਾਡੀ ਸੁਪਰ ਦਾ ਭੁਗਤਾਨ ਕੀਤਾ ਹੈ।
ਜੇ ਤੁਸੀਂ ਅਜੇ ਵੀ ਵਿਸ਼ਵਾਸ ਕਰਦੇ ਹੋ ਕਿ ਤੁਹਾਡਾ ਰੁਜ਼ਗਾਰਦਾਤਾ ਉਨ੍ਹੀ ਸੁਪਰ ਦਾ ਭੁਗਤਾਨ ਨਹੀਂ ਕਰ ਰਿਹਾ ਜਿਸ ਦੇ ਤੁਸੀਂ ਹੱਕਦਾਰ ਹੋ, ਤਾਂ ਤੁਸੀਂ ਇਹ ਕਰ ਸਕਦੇ ਹੋ:
- ਆਪਣੇ ਰੁਜ਼ਗਾਰਦਾਤਾ ਤੋਂ ਸੁਪਰ ਦੀ ਅਦਾਇਗੀ ਨਾ ਹੋਣ ਦੀ ਰਿਪੋਰਟ ਕਰੋ (ਅੰਗਰੇਜ਼ੀ ਵਿੱਚ)
- ਸਾਨੂੰ 13 10 20 'ਤੇ ਫ਼ੋਨ ਕਰੋ।
ਮੈਂ ਸੁਪਰ ਫ਼ੰਡ ਦੀ ਚੋਣ ਕਿਵੇਂ ਕਰਾਂ?
ਬਹੁਤੇ ਲੋਕ ਉਸ ਸੁਪਰ ਫ਼ੰਡ ਦੀ ਚੋਣ ਕਰ ਸਕਦੇ ਹਨ, ਜਿਸ ਵਿੱਚ ਉਹ ਆਪਣੇ ਯੋਗਦਾਨ ਦਾ ਭੁਗਤਾਨ ਕਰਵਾਉਣਾ ਚਾਹੁੰਦੇ ਹਨ। ਜੇ ਤੁਸੀਂ ਯੋਗ ਹੋ, ਤਾਂ ਤੁਹਾਡੇ ਰੁਜ਼ਗਾਰਦਾਤੇ ਨੂੰ ਲਾਜ਼ਮੀ ਤੌਰ 'ਤੇ ਤੁਹਾਨੂੰ ਇੱਕ ਸੁਪਰਐਨੂਏਸ਼ਨ ਮਿਆਰੀ ਚੋਣ ਫਾਰਮ (ਅੰਗਰੇਜ਼ੀ ਵਿੱਚ) ਉਸ ਦਿਨ ਦੇ 28 ਦਿਨਾਂ ਦੇ ਅੰਦਰ ਦੇਣਾ ਚਾਹੀਦਾ ਹੈ ਜਦੋਂ ਤੁਸੀਂ ਉਨ੍ਹਾਂ ਨਾਲ ਕੰਮ ਕਰਨਾ ਸ਼ੁਰੂ ਕਰਦੇ ਹੋ, ਤਾਂ ਜੋ ਤੁਸੀਂ ਲਿਖਤੀ ਰੂਪ ਵਿੱਚ ਇਹ ਚੋਣ ਕਰ ਸਕੋ।
YourSuper ਤੁਲਨਾ ਸੰਦ (ਅੰਗਰੇਜ਼ੀ ਵਿੱਚ) ਤੁਹਾਨੂੰ MySuper ਉਤਪਾਦਾਂ ਦੀ ਤੁਲਨਾ ਕਰਨ ਅਤੇ ਇੱਕ ਸੁਪਰ ਫ਼ੰਡ ਦੀ ਚੋਣ ਕਰਨ ਵਿੱਚ ਮਦਦ ਕਰੇਗਾ ਜੋ ਤੁਹਾਡੀਆਂ ਲੋੜਾਂ ਦੀ ਪੂਰਤੀ ਕਰਦਾ ਹੈ।
ਜੇ ਤੁਸੀਂ ਕਿਸੇ ਸੁਪਰ ਫ਼ੰਡ ਦੀ ਚੋਣ ਨਹੀਂ ਕਰਦੇ, ਤਾਂ ਤੁਹਾਡਾ ਰੁਜ਼ਗਾਰਦਾਤਾ ਤੁਹਾਡੇ ਮੌਜ਼ੂਦਾ ਸੁਪਰ ਫ਼ੰਡ (ਜਿਸ ਨੂੰ ਸਟੇਪਲਡ ਸੁਪਰ ਫ਼ੰਡ (stapled super fund) ਕਿਹਾ ਜਾਂਦਾ ਹੈ) (ਅੰਗਰੇਜ਼ੀ ਵਿੱਚ) ਵਿੱਚ ਤੁਹਾਡੇ ਯੋਗਦਾਨਾਂ ਦਾ ਭੁਗਤਾਨ ਕਰਦਾ ਹੈ।
ਇੱਕ ਸਟੇਪਲਡ ਸੁਪਰ ਫ਼ੰਡ (stapled super fund) ਇੱਕ ਮੌਜੂਦਾ ਸੁਪਰ ਖਾਤਾ ਹੁੰਦਾ ਹੈ ਜੋ ਨਿੱਜੀ ਤੌਰ 'ਤੇ ਇੱਕ ਕਰਮਚਾਰੀ ਨਾਲ ਲਿੰਕ ਕੀਤਾ ਜਾਂਦਾ ਹੈ, ਜਾਂ 'ਜੁੜਿਆ' ਹੁੰਦਾ ਹੈ ਤਾਂ ਜੋ ਉਹ ਨੌਕਰੀਆਂ ਬਦਲਦੇ ਸਮੇਂ ਉਨ੍ਹਾਂ ਦੇ ਨਾਲ-ਨਾਲ ਚੱਲੇ।
ਜੇ ਤੁਹਾਡੇ ਕੋਲ ਸਟੇਪਲਡ ਸੁਪਰ ਫ਼ੰਡ (stapled super fund) ਨਹੀਂ ਹੈ, ਤਾਂ ਤੁਹਾਡਾ ਰੁਜ਼ਗਾਰਦਾਤਾ ਤੁਹਾਡੇ ਸੁਪਰ ਨੂੰ ਇੱਕ ਨਾਮਜ਼ਦ ਸੁਪਰ ਫ਼ੰਡ ਵਿੱਚ ਭੁਗਤਾਨ ਕਰਦਾ ਹੈ, ਜੋ ਉਹ ਖੁਦ ਚੁਣਦੇ ਹਨ।
ਜੇ ਤੁਸੀਂ ਆਪਣੇ ਯੋਗਦਾਨਾਂ ਦਾ ਭੁਗਤਾਨ ਕਿਸੇ ਮੌਜੂਦਾ ਸੁਪਰ ਖਾਤੇ ਵਿੱਚ ਕਰਵਾਉਣਾ ਚਾਹੁੰਦੇ ਹੋ, ਪਰ ਆਪਣੇ ਸੁਪਰ ਫ਼ੰਡ ਖਾਤੇ ਦੇ ਵੇਰਵੇ ਯਾਦ ਨਹੀਂ ਰੱਖ ਸਕਦੇ, ਤਾਂ ਤੁਸੀਂ ਆਪਣੇ ਸਾਰੇ ਸੁਪਰ ਖਾਤਿਆਂ ਨੂੰ ਵੇਖਣ ਲਈ myGov ਦੀ ਵਰਤੋਂ ਕਰ ਸਕਦੇ ਹੋ।
ਆਪਣੀ ਸੁਪਰ ਨਾਲ ਜੁੜਨ ਵਿੱਚ ਤੁਹਾਨੂੰ ਕਦੇ ਵੀ ਜਲਦੀ ਨਹੀਂ ਲੱਗਣੀ ਚਾਹੀਦੀ। ਆਪਣੇ ਖੁਦ ਦੇ ਸੁਪਰ ਫ਼ੰਡ ਦੀ ਚੋਣ ਕਰੋ ਅਤੇ ਨਿਯਮਤ ਤੌਰ 'ਤੇ ਜੁੜੋ, ਕਿਉਂਕਿ ਅੱਜ ਤੁਸੀਂ ਜੋ ਚੋਣਾਂ ਕਰਦੇ ਹੋ, ਉਹ ਭਵਿੱਖ ਵਿੱਚ ਤੁਹਾਡੇ ਲਈ ਜੀਵਨ-ਸ਼ੈਲੀ ਦੇ ਵਿਕਲਪਾਂ ਨੂੰ ਰੂਪ ਦੇਣ ਵਿੱਚ ਸਹਾਇਤਾ ਕਰਨਗੀਆਂ।
ਮੈਂ ਆਪਣੀ ਸੁਪਰ ਦੀ ਬੱਚਤ ਨੂੰ ਕਿਵੇਂ ਵਧਾ ਸਕਦਾ ਹਾਂ?
ਤੁਹਾਡੇ ਰੁਜ਼ਗਾਰਦਾਤਾ ਦੁਆਰਾ ਅਦਾ ਕੀਤੇ ਯੋਗਦਾਨਾਂ ਦੇ ਨਾਲ-ਨਾਲ ਤੁਸੀਂ ਆਪਣੇ ਖੁਦ ਦੇ ਯੋਗਦਾਨ ਪਾ ਕੇ ਆਪਣੀ ਸੁਪਰ ਵਿੱਚ ਵਾਧਾ ਕਰ ਸਕਦੇ ਹੋ। ਤੁਸੀਂ ਆਪਣੀ ਟੈਕਸ ਤੋਂ ਪਹਿਲਾਂ ਦੀ ਆਮਦਨੀ ਵਿੱਚੋਂ ਸੁਪਰ ਵਿੱਚ ਜਮ੍ਹਾਂ ਕਰਨ ਲਈ 'ਤਨਖਾਹ ਵਿੱਚੋਂ ਕਟੌਤੀ' ਕਰਨ ਦੇ ਯੋਗ ਹੋ ਸਕਦੇ ਹੋ, ਜਾਂ ਆਪਣੀ ਟੈਕਸ ਤੋਂ ਬਾਅਦ ਦੀ ਆਮਦਨੀ ਵਿੱਚੋਂ ਸੁਪਰ ਵਿੱਚ ਯੋਗਦਾਨ ਪਾ ਸਕਦੇ ਹੋ।
ਵਾਧੂ ਟੈਕਸ ਅਦਾ ਕੀਤੇ ਬਿਨਾਂ ਹਰ ਵਿੱਤੀ ਸਾਲ ਵਿੱਚ ਤੁਸੀਂ ਆਪਣੀ ਸੁਪਰ ਵਿੱਚ ਕਿੰਨਾ ਕੁ ਯੋਗਦਾਨ ਪਾ ਸਕਦੇ ਹੋ, ਉਸ ਰਕਮ 'ਤੇ 'ਕੈਪਸ' ਨਾਮਕ ਸੀਮਾਵਾਂ ਲਾਗੂ ਹੁੰਦੀਆਂ ਹਨ। ਜੇ ਤੁਸੀਂ ਇਹਨਾਂ ਸੀਮਾਵਾਂ ਤੋਂ ਵੱਧ ਯੋਗਦਾਨ ਪਾਉਂਦੇ ਹੋ, ਤਾਂ ਤੁਹਾਨੂੰ ਵਾਧੂ ਟੈਕਸ (ਅੰਗਰੇਜ਼ੀ ਵਿੱਚ) ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਜੇ ਤੁਸੀਂ ਆਪਣੀ ਸੁਪਰ (ਜਿਸ ਵਿੱਚ ਰੁਜ਼ਗਾਰਦਾਤੇ ਦੇ ਯੋਗਦਾਨਾਂ ਸਮੇਤ) ਵਿੱਚ ਰਿਆਇਤੀ ਯੋਗਦਾਨਾਂ ਦੀ ਕੈਪ (ਅੰਗਰੇਜ਼ੀ ਵਿੱਚ) ਤੋਂ ਵਧੇਰੇ ਯੋਗਦਾਨ ਪਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪੇਸ਼ੇਵਰ ਤੋਂ ਸਲਾਹ ਲਓ।
ਸਰਕਾਰ ਵੱਲੋਂ ਸੁਪਰ ਵਿੱਚ ਯੋਗਦਾਨ
ਜੇ ਤੁਸੀਂ ਘੱਟ ਆਮਦਨੀ ਵਾਲੇ ਜਾਂ ਮੱਧ-ਆਮਦਨੀ ਕਮਾਉਣ ਵਾਲੇ ਹੋ, ਤਾਂ ਤੁਸੀਂ ਆਸਟ੍ਰੇਲੀਆ ਦੀ ਸਰਕਾਰ ਕੋਲੋਂ ਸੁਪਰ ਵਿੱਚ ਯੋਗਦਾਨ (ਅੰਗਰੇਜ਼ੀ ਵਿੱਚ) ਵਾਸਤੇ ਯੋਗ ਹੋ ਸਕਦੇ ਹੋ।
ਆਪਣੀ ਟੈਕਸ ਰਿਟਰਨ ਭਰੋ ਤਾਂ ਜੋ ਅਸੀਂ ਜਾਂਚ ਕਰ ਸਕੀਏ ਕਿ ਕੀ ਤੁਸੀਂ $500 ਤੱਕ ਦੇ ਸੁਪਰ ਸਹਿ-ਯੋਗਦਾਨ ਭੁਗਤਾਨ ਲਈ ਯੋਗ ਹੋ। ਇਹ ਮਹੱਤਵਪੂਰਨ ਹੈ ਕਿ ਤੁਸੀਂ ਰਿਟਰਨ ਭਰੋ, ਭਾਂਵੇਂ ਤੁਸੀਂ ਨਹੀਂ ਸੋਚਦੇ ਕਿ ਤੁਹਾਨੂੰ ਕੋਈ ਰਿਫ਼ੰਡ ਮਿਲੇਗਾ। ਤੁਹਾਨੂੰ ਸੁਪਰ ਵਿੱਚ ਯੋਗਦਾਨ ਪੁਆਉਣ ਲਈ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੈ।
ਮੈਂ ਆਪਣੀਆਂ ਸੁਪਰ ਦੀਆਂ ਬੱਚਤਾਂ ਤੱਕ ਕਿਵੇਂ ਪਹੁੰਚ ਕਰਾਂ?
ਆਮ ਤੌਰ 'ਤੇ, ਜਦੋਂ ਤੁਸੀਂ ਰਿਟਾਇਰ ਹੋ ਜਾਂਦੇ ਹੋ ਤਾਂ ਤੁਸੀਂ ਆਪਣੀ ਸੁਪਰ ਦੇ ਪੈਸਿਆਂ ਤੱਕ ਪਹੁੰਚ ਕਰ ਸਕਦੇ ਹੋ। ਹਾਲਾਂਕਿ, ਕੁਝ ਹਾਲਾਤ ਹਨ ਜਿੱਥੇ ਤੁਸੀਂ ਆਪਣੀ ਸੁਪਰ ਦੀ ਬੱਚਤ ਤੱਕ ਜਲਦੀ ਪਹੁੰਚ ਕਰ ਸਕਦੇ ਹੋ, ਜਿਵੇਂ ਕਿ ਗੰਭੀਰ ਵਿੱਤੀ ਤੰਗੀ ਅਤੇ ਖਾਸ ਡਾਕਟਰੀ ਸਮੱਸਿਆਵਾਂ।
ਜੇ ਤੁਹਾਨੂੰ ਜਾਇਜ਼ ਤੌਰ 'ਤੇ ਸਮੇਂ ਤੋਂ ਪਹਿਲਾਂ ਆਪਣੀ ਕੁਝ ਸੁਰੱਖਿਅਤ ਕੀਤੀ ਸੁਪਰ ਦੀ ਜ਼ਰੂਰਤ ਹੈ, ਤਾਂ ਅਰਜ਼ੀ ਦੇਣ ਤੋਂ ਪਹਿਲਾਂ ਆਪਣੇ ਸੁਪਰ ਫ਼ੰਡ ਨੂੰ ਇਸ ਬਾਰੇ ਪੁੱਛੋ ਕਿ ਕੀ ਤੁਸੀਂ ਇਸ ਤੱਕ ਪਹੁੰਚ ਕਰਨ ਦੇ ਯੋਗ ਹੋ ਸਕਦੇ ਹੋ।
ਆਸਟ੍ਰੇਲੀਆ ਛੱਡ ਕੇ ਜਾ ਰਹੇ ਅਸਥਾਈ ਵਸਨੀਕ
ਜੇ ਤੁਸੀਂ ਆਸਟ੍ਰੇਲੀਆ ਵਿੱਚ ਕੰਮ ਕਰ ਰਹੇ ਇੱਕ ਅਸਥਾਈ ਵਸਨੀਕ ਹੋ ਅਤੇ ਤੁਸੀਂ ਸੁਪਰ ਲਈ ਯੋਗ ਹੋ, ਤਾਂ ਤੁਹਾਡੇ ਰੁਜ਼ਗਾਰਦਾਤੇ ਨੂੰ ਤੁਹਾਡੇ ਲਈ ਸੁਪਰ ਗਾਰੰਟੀ ਯੋਗਦਾਨ ਦੇਣੇ ਪੈਣਗੇ। ਇੱਕ ਵਾਰ ਜਦੋਂ ਤੁਸੀਂ ਆਸਟ੍ਰੇਲੀਆ ਛੱਡ ਕੇ ਚਲੇ ਜਾਂਦੇ ਹੋ ਤਾਂ ਤੁਹਾਨੂੰ ਤੁਹਾਡੀ ਸੁਪਰ ਦੇ ਪੈਸਿਆਂ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਇਸ ਭੁਗਤਾਨ ਨੂੰ ਡਿਪਾਰਟਿੰਗ ਆਸਟ੍ਰੇਲੀਆ ਸੁਪਰ ਪੇਮੈਂਟ DASP ਕਿਹਾ ਜਾਂਦਾ ਹੈ।
ਨਿਊਜ਼ੀਲੈਂਡ ਦੇ ਨਾਗਰਿਕ ਅਤੇ ਆਸਟ੍ਰੇਲੀਆ ਦੇ ਸਥਾਈ ਵਸਨੀਕ ਇਸ ਭੁਗਤਾਨ ਵਾਸਤੇ ਯੋਗ ਨਹੀਂ ਹਨ।
ਇਹ ਦੇਖਣ ਲਈ ਕਿ ਕੀ ਤੁਸੀਂ ਯੋਗ ਹੋ, ਅਤੇ DASP ਵਾਸਤੇ ਔਨਲਾਈਨ ਅਰਜ਼ੀ ਦੇਣ ਲਈ ਜਾਂ ਕਾਗਜ਼ੀ ਅਰਜ਼ੀ ਫਾਰਮ ਡਾਊਨਲੋਡ ਕਰਨ ਲਈ, ਅਸਥਾਈ ਵਸਨੀਕ ਅਤੇ ਸੁਪਰ (ਅੰਗਰੇਜ਼ੀ ਵਿੱਚ) 'ਤੇ ਜਾਓ।
ਵਿਦੇਸ਼ਾਂ ਤੋਂ ਲਿਆਂਦੀ ਸੁਪਰ ਰਾਸ਼ੀ
ਜੇ ਤੁਸੀਂ ਵਿਦੇਸ਼ਾਂ ਤੋਂ ਆਪਣਾ ਖੁਦ ਦਾ ਪੈਸਾ ਜਾਂ ਪੈਨਸ਼ਨ ਫ਼ੰਡ ਲਿਆ ਰਹੇ ਹੋ, ਤਾਂ ਇੱਥੇ ਵਿਸ਼ੇਸ਼ ਟੈਕਸ ਨਿਯਮ ਲਾਗੂ ਹੋ ਸਕਦੇ ਹਨ, ਜਿਨ੍ਹਾਂ ਬਾਰੇ ਤੁਹਾਨੂੰ ਜਾਣਨ ਦੀ ਜ਼ਰੂਰਤ ਹੈ। ਆਪਣੇ ਵਿੱਤੀ ਸਲਾਹਕਾਰ ਜਾਂ ਮਾਈਗ੍ਰੇਸ਼ਨ ਏਜੰਟ ਨਾਲ ਗੱਲ ਕਰੋ।
ਕੀ ਮੈਨੂੰ ਆਪਣੀ ਸੁਪਰ ਤੱਕ ਜਲਦੀ ਪਹੁੰਚ ਕਰਨ ਦੀਆਂ ਪੇਸ਼ਕਸ਼ਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ?
ਰਿਟਾਇਰ ਹੋਣ ਤੋਂ ਪਹਿਲਾਂ ਆਪਣੀਆਂ ਸੁਪਰ ਦੀਆਂ ਬੱਚਤਾਂ ਤੱਕ ਜਲਦੀ ਪਹੁੰਚ ਪ੍ਰਾਪਤ ਕਰਨ ਵਾਲੀਆਂ ਪੇਸ਼ਕਸ਼ਾਂ ਤੋਂ ਸਾਵਧਾਨ ਰਹੋ। ਉਹ ਸਕੀਮਾਂ ਜੋ ਕਰਜ਼ਿਆਂ ਦਾ ਭੁਗਤਾਨ ਕਰਨ, ਘਰ ਜਾਂ ਕਾਰ ਖਰੀਦਣ, ਜਾਂ ਛੁੱਟੀਆਂ 'ਤੇ ਜਾਣ ਵਰਗੇ ਕਾਰਨਾਂ ਕਰਕੇ ਤੁਹਾਡੀ ਸੁਪਰ ਦੀ ਬੱਚਤ ਤੱਕ ਪਹੁੰਚ ਕਰਨ ਵਿੱਚ ਤੁਹਾਡੀ ਮਦਦ ਕਰਦੀਆਂ ਹਨ, ਗ਼ੈਰ-ਕਾਨੂੰਨੀ ਹਨ ਅਤੇ ਜੇ ਤੁਸੀਂ ਹਿੱਸਾ ਲੈਂਦੇ ਹੋ ਤਾਂ ਭਾਰੀ ਜੁਰਮਾਨੇ ਲਾਗੂ ਹੁੰਦੇ ਹਨ।
ਉਦਾਹਰਨ: ਫਿਲ ਇੱਕ ਜਾਲ ਵਿੱਚ ਫ਼ਸਣ ਤੋਂ ਬਚਦਾ ਹੈ
ਮੈਂ ਪਿਛਲੇ ਕੁਝ ਮਹੀਨਿਆਂ ਤੋਂ ਕਾਰ ਲਈ ਬੱਚਤ ਕਰ ਰਿਹਾ ਹਾਂ। ਮੇਰੇ ਇੱਕ ਸਹਿਯੋਗੀ ਨੇ ਮੈਨੂੰ ਆਪਣੇ ਦੋਸਤ ਬਾਰੇ ਦੱਸਿਆ, ਜੋ ਕਾਰ ਦਾ ਭੁਗਤਾਨ ਕਰਨ ਵਿੱਚ ਸਹਾਇਤਾ ਲਈ ਮੇਰੀ ਸੁਪਰ ਵਿੱਚੋਂ ਕੁਝ ਪੈਸੇ ਕੱਢਵਾਉਣ ਵਿੱਚ ਮੇਰੀ ਮਦਦ ਕਰ ਸਕਦਾ ਹੈ।
ਖੁਸ਼ਕਿਸਮਤੀ ਨਾਲ, ਮੈਂ ATO ਵੈੱਬਸਾਈਟ ਦੀ ਜਾਂਚ ਕੀਤੀ ਅਤੇ ਲੱਭਿਆ ਕਿ ਇਹ ਗ਼ੈਰ-ਕਾਨੂੰਨੀ ਸੀ। ਜੋ ਪੈਸਾ ਮੈਂ ਕਢਵਾਇਆ ਹੁੰਦਾ, ਤਾਂ ਉਸ 'ਤੇ 45% ਟੈਕਸ ਲੱਗਿਆ ਹੁੰਦਾ। ਮੈਨੂੰ ਜੁਰਮਾਨੇ ਅਤੇ ਸੰਭਾਵਿਤ ਤੌਰ 'ਤੇ ਕੁਝ ਸਮੇਂ ਲਈ ਜੇਲ੍ਹ ਵੀ ਜਾਣਾ ਪੈਂਦਾ - ਇੱਕ ਬਹੁਤ ਮਹਿੰਗੀ ਗ਼ਲਤੀ।
End of exampleਇਹ ਜਾਣਕਾਰੀ ਹੋਰ ਭਾਸ਼ਾਵਾਂ ਵਿੱਚ ਵੀ ਉਪਲਬਧ ਹੈ।
ਹੋਰ ਜਾਣਕਾਰੀ
ਜੇ ਤੁਸੀਂ ਸੁਪਰ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ato.gov.au/individuals/super (ਅੰਗਰੇਜ਼ੀ ਵਿੱਚ) 'ਤੇ ਜਾਓ ਜਾਂ ਸਾਨੂੰ 13 10 20 'ਤੇ ਫ਼ੋਨ ਕਰੋ।
ਜੇ ਤੁਸੀਂ ਚੰਗੀ ਤਰ੍ਹਾਂ ਅੰਗਰੇਜ਼ੀ ਨਹੀਂ ਬੋਲਦੇ ਅਤੇ ਕਿਸੇ ਟੈਕਸ ਅਫ਼ਸਰ ਨਾਲ ਗੱਲ ਕਰਨੀ ਚਾਹੁੰਦੇ ਹੋ, ਤਾਂ ਤੁਹਾਡੀ ਕਾਲ ਵਿੱਚ ਮਦਦ ਵਾਸਤੇ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) ਨੂੰ 13 14 50 'ਤੇ ਫ਼ੋਨ ਕਰੋ।